- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
" ਆਪ " ਪ੍ਰਧਾਨ ਅਮਨ ਅਰੋੜਾ ਦੇ ਘਰ ਮੂਹਰੇ ਚਿਪਕਾਇਆ ਲਾਹਨਤੀ ਪੱਤਰ

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ,
ਸੁਨਾਮ : ਮਾਨਸਾ ਵਿਖੇ ਨਸ਼ਿਆਂ ਦਾ ਵਿਰੋਧ ਕਰ ਰਹੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਸੂਬਾ ਸਰਕਾਰ ਦੀ ਸਾਜਿਸੀ ਚੁੱਪ ਦੇ ਖਿਲਾਫ ਝੋਟਾ ਐਕਸ਼ਨ ਕਮੇਟੀ ਦੇ ਸੱਦੇ ਤਹਿਤ ਸੋਮਵਾਰ ਨੂੰ ਸੁਨਾਮ ਵਿਖੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦੀ ਕੋਠੀ ਮੂਹਰੇ ਵੱਖ ਵੱਖ ਰਾਜਨੀਤਕ ਪਾਰਟੀਆਂ, ਕਿਸਾਨ ਯੂਨੀਅਨਾਂ ਅਤੇ ਸਮਾਜਿਕ ਕਾਰਕੁੰਨਾ ਨੇ ਰੋਹ ਭਰਪੂਰ ਧਰਨਾ ਦੇਕੇ ਨਾਅਰੇਬਾਜ਼ੀ ਕੀਤੀ। ਇਕੱਠੇ ਹੋਏ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦੇ ਘਰ ਮੂਹਰੇ ਰੋਸ ਪੱਤਰ ਪੜ੍ਹਨ ਉਪਰੰਤ ਘਰ ਦੀਆਂ ਕੰਧਾਂ ਤੇ ਚਿਪਕਾਇਆ। ਰੋਸ ਧਰਨੇ ਵਿੱਚ ਮੁੱਖ ਮੰਤਰੀ ਨੂੰ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਕਾਲਾ ਕੱਪੜਾ ਦਿਖਾਕੇ ਨਸ਼ਿਆਂ ਦਾ ਵਿਰੋਧ ਕਰਨ ਵਾਲੇ ਕਥਿਤ ਪੁਲਿਸ ਤਸ਼ੱਦਦ ਦਾ ਸ਼ਿਕਾਰ ਮੋਹਨਜੀਤ ਸਿੰਘ ਸ਼ੇਰੋਂ ਅਤੇ ਮ੍ਰਿਤਕ ਗੁਲਜ਼ਾਰ ਸਿੰਘ ਤੂਰਬੰਜਾਰਾ, ਸਨਮਦੀਪ ਸਿੰਘ ਕਨੋਈ ਦੇ ਪਰਿਵਾਰਕ ਮੈਂਬਰਾਂ ਵੀ ਸਾਮਲ ਹੋਏ। ਰੋਸ ਪ੍ਰਦਰਸ਼ਨ ਦੇ ਮੱਦੇਨਜ਼ਰ ਮੰਤਰੀ ਅਮਨ ਅਰੋੜਾ ਦੀ ਕੋਠੀ ਮੂਹਰੇ ਬੈਰੀਕੇਡਿੰਗ ਕਰਕੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ, ਭਾਜਪਾ ਆਗੂ ਦਾਮਨ ਬਾਜਵਾ, ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਖਡਿਆਲ, ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ, ਹਰਮਨਦੇਵ ਸਿੰਘ ਬਾਜਵਾ, ਐਡਵੋਕੇਟ ਮਨਪ੍ਰੀਤ ਸਿੰਘ ਨਮੋਲ, ਮੋਹਨਜੀਤ ਸਿੰਘ ਸ਼ੇਰੋਂ, ਕਰਨੈਲ ਸਿੰਘ ਜਖੇਪਲ, ਬਾਬਾ ਸ਼ਾਹਬਾਜ਼ ਸਿੰਘ ਡਸਕਾ, ਸਤਨਾਮ ਸਿੰਘ ਰੱਤੋਕੇ, ਕਿਸਾਨ ਆਗੂ ਰਣ ਸਿੰਘ ਚੱਠਾ, ਕੇਵਲ ਸਿੰਘ ਜਵੰਧਾ, ਸੰਤ ਰਾਮ ਛਾਜਲੀ, ਭੁਪਿੰਦਰ ਸਿੰਘ ਲੌਂਗੋਵਾਲ, ਐਡਵੋਕੇਟ ਹਰਦੀਪ ਸਿੰਘ ਭਰੂਰ, ਕੌਂਸਲਰ ਮੋਨਿਕਾ ਗੋਇਲ, ਅਕਾਲੀ ਆਗੂ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ, ਕਿਸਾਨ ਆਗੂ ਹੈਪੀ ਨਮੋਲ, ਗੁਰਕੀਰਤ ਸਿੰਘ ਲਖਮੀਰਵਾਲਾ, ਰਾਜ ਸਿੰਘ ਖਾਲਸਾ ਨੇ ਆਖਿਆ ਕਿ ਸੂਬੇ ਅੰਦਰ ਨਸ਼ਿਆਂ ਨਾਲ ਨਿੱਤ ਦਿਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਜੇਕਰ ਕੋਈ ਨਸ਼ਿਆਂ ਦਾ ਵਿਰੋਧ ਕਰਦਾ ਹੈ ਤਾਂ ਸਰਕਾਰ ਅਤੇ ਪੁਲਿਸ ਦੀ ਸ਼ਹਿ ਤੇ ਉਸ ਨੂੰ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਆਖਿਆ ਕਿ ਪਿਛਲੇ ਦਿਨੀਂ ਮਾਨਸਾ ਵਿਖੇ ਨਸ਼ਿਆਂ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਨੂੰ ਇੱਕ ਮੈਡੀਕਲ ਸਟੋਰ ਦੇ ਮਾਲਕ ਨੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਲੇਕਿਨ ਛੇ ਦਿਨ ਬੀਤ ਜਾਣ ਦੇ ਬਾਵਜੂਦ ਸਰਕਾਰ ਦਾ ਕੋਈ ਨੁਮਾਇੰਦਾ ਪਰਿਵਾਰ ਦੀ ਸਾਰ ਲੈਣ ਨਹੀਂ ਬਹੁੜਿਆ। ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਮਾਨਸਾ ਦੇ ਸਰਕਾਰੀ ਹਸਪਤਾਲ ਦੀ ਮੌਰਚਰੀ ਵਿੱਚ ਪਈ ਹੈ। ਬੁਲਾਰਿਆਂ ਨੇ ਆਖਿਆ ਕਿ ਸੂਬੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਬੇਹੱਦ ਮਾੜੀ ਹੋ ਰਹੀ ਹੈ ਬਾਵਜੂਦ ਇਸਦੇ ਸੂਬੇ ਦਾ ਮੁੱਖ ਮੰਤਰੀ ਵਿਦੇਸ਼ ਦੀ ਸੈਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਤੁਰੰਤ ਅਸਤੀਫ਼ਾ ਦੇਵੇ।
ਡੱਬੀ
ਭਾਜਪਾ ਆਗੂ ਦਾਮਨ ਬਾਜਵਾ ਨੇ ਦੱਸਿਆ ਕਿ ਗੁਲਜ਼ਾਰ ਸਿੰਘ ਤੂਰਬੰਜਾਰਾ ਅਤੇ ਸਨਮਦੀਪ ਸਿੰਘ ਕਨੋਈ ਦਾ ਬੇਸ਼ੱਕ ਪੁਲਿਸ ਨੇ ਧੱਕੇ ਨਾਲ ਸਸਕਾਰ ਕਰ ਦਿੱਤਾ ਹੈ ਲੇਕਿਨ ਇਨਸਾਫ਼ ਦੀ ਮੰਗ ਲੈਕੇ ਬੈਠੇ ਦੋਵੇਂ ਪਰਿਵਾਰਾਂ ਨੇ ਨਾ ਅਜੇ ਤੱਕ ਫੁੱਲ ਪਾਏ ਅਤੇ ਨਾ ਹੀ ਉਨ੍ਹਾਂ ਨਮਿਤ ਭੋਗ ਪਾਇਆ ਹੈ।