ਕੰਪਿਊਟਰ ਅਧਿਆਪਕਾਂ ਨੇ ਧਰਨੇ ’ਚ ਨੁੱਕੜ ਨਾਟਕ ਰਾਹੀਂ ਰੋਸ ਪ੍ਰਦਰਸ਼ਨ ਕੰਪਿਊਟਰ ਅਧਿਆਪਕਾਂ ਨੇ ਧਰਨੇ ’ਚ ਨੁੱਕੜ ਨਾਟਕ ਰਾਹੀਂ ਰੋਸ ਪ੍ਰਦਰਸ਼ਨ
Publish Date: Mon, 28 Sep 2026 05:13 PM (IST)
Updated Date: Tue, 29 Sep 2026 04:03 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ ਕੰਪਿਊਟਰ ਟੀਚਰ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਦਫਤਰ ਗੇਟ ਅੱਗੇ ਸ਼ੁਰੂ ਕੀਤੇ ਗਏ ਪੱਕੇ ਮੋਰਚੇ ਤਹਿਤ ਬਠਿੰਡਾ ਦੇ ਕੰਪਿਊਟਰ ਅਧਿਆਪਕਾਂ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਸਥਾਨਕ ਲਾਲ ਬੱਤੀ ਚੌਕ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸੋਚ ਨੂੰ ਸਮਰਪਿਤ ਨੁੱਕੜ ਨਾਟਕ ਪੇਸ਼ ਕੀਤਾ ਗਿਆ। ਨੁੱਕੜ ਨਾਟਕ ਦੀ ਅਗਵਾਈ ਸਟੇਟ ਕਮੇਟੀ ਮੈਂਬਰ ਜੋਨੀ ਸਿੰਗਲਾ ਅਤੇ ਗੁਰਬਖਸ਼ ਲਾਲ ਵੱਲੋਂ ਕੀਤੀ ਗਈ। ਨੁੱਕੜ ਨਾਟਕ ਰਾਹੀਂ ਕੰਪਿਊਟਰ ਅਧਿਆਪਕਾਂ ਨੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਅਤੇ ਉਨ੍ਹਾਂ ਦੀ ਇਨਕਲਾਬੀ ਸੋਚ ਨੂੰ ਲੋਕਾਂ ਤੱਕ ਪਹੁੰਚਾਇਆ। ਨਾਟਕ ਰਾਹੀਂ ਮੌਜੂਦਾ ਸਮੇਂ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਰਾਜਨੀਤਿਕ ਗਤੀਵਿਧੀਆਂ ’ਤੇ ਵਿਅੰਗ ਕਰਦਿਆਂ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਵੀ ਉਜਾਗਰ ਕੀਤਾ ਗਿਆ। ਉਨ੍ਹਾਂ ਮੰਗਾਂ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਵਾਰ-ਵਾਰ ਮੀਟਿੰਗਾਂ ਦਾ ਭਰੋਸਾ ਦਿੱਤਾ ਜਾਂਦਾ ਹੈ, ਪਰ ਮੰਗਾਂ ਦੇ ਹੱਲ ਲਈ ਠੋਸ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਸੈਫੀ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਚੋਣ ਮੈਨੀਫੈਸਟੋ ਅਤੇ ਇਸ ਤੋਂ ਬਾਅਦ ਸਾਲ 2022 ਵਿੱਚ ਸਿੱਖਿਆ ਮੰਤਰੀ ਵੱਲੋਂ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਨ ਸਬੰਧੀ ਗੱਲ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੰਪਿਊਟਰ ਅਧਿਆਪਕ ਆਪਣੀਆਂ ਮੰਗਾਂ ਦੇ ਹੱਲ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ ਅਤੇ ਇਹ ਪੱਕਾ ਧਰਨਾ ਮੰਗਾਂ ਦਾ ਹੱਲ ਹੋਣ ਤੱਕ ਜਾਰੀ ਰਹੇਗਾ। ਇਸ ਮੌਕੇ ਸਮਿਤ ਗੋਇਲ, ਸੈਫੀ ਗੋਇਲ, ਕਮਲਜੀਤ ਸਿੰਘ, ਗੁਰਬਖਸ਼ ਲਾਲ, ਜੋਨੀ ਸਿੰਗਲਾ, ਪ੍ਰਤਿਭਾ, ਪਰਮਜੀਤ, ਹਰਪ੍ਰੀਤ ਸਿੰਘ, ਪਰਮਿੰਦਰ ਕੌਰ, ਵੀਰਪਾਲ ਕੌਰ, ਮੈਰੀ, ਦਵਿੰਦਰ ਸ਼ਰਮਾ, ਹਰਜੀਵਨ ਸਿੰਘ ਹਾਜ਼ਰ ਸਨ।