ਸੰਗਰੂਰ ਰਿਹਾ ਪੂਰਨ ਬੰਦ, ਬੰਦੀ ਸਿੰਘਾਂ ਦੀ ਰਿਹਾਈ ਦੀ ਕੀਤੀ ਮੰਗ ਸੰਗਰੂਰ ਰਿਹਾ ਪੂਰਨ ਬੰਦ, ਬੰਦੀ ਸਿੰਘਾਂ ਦੀ ਰਿਹਾਈ ਦੀ ਕੀਤੀ ਮੰਗ
Publish Date: Fri, 21 Aug 2026 04:25 PM (IST)
Updated Date: Sat, 22 Aug 2026 04:01 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚਾ ਵੱਲੋਂ ਸ਼ੁੱਕਰਵਾਰ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਦਾ ਸੰਗਰੂਰ ਵਿੱਚ ਮੁਕੰਮਲ ਅਸਰ ਵੇਖਣ ਨੂੰ ਮਿਲਿਆ। ਇਸ ਦੌਰਾਨ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਸ਼ਹਿਰ ਵਿੱਚ ਰੋਸ ਮਾਰਚ ਕਰਕੇ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਦੀ ਮੰਗ ਜ਼ੋਰਦਾਰ ਢੰਗ ਨਾਲ ਚੁੱਕੀ। ਬੰਦ ਦੇ ਚੱਲਦਿਆਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਸ਼ਹਿਰ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ। ਇਸ ਦੌਰਾਨ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀ ਰਹੀ, ਜਦਕਿ ਸਰਕਾਰੀ ਸਕੂਲ ਖੁੱਲੇ ਰਹੇ। ਬੰਦ ਦੇ ਮੱਦੇਨਜ਼ਰ ਕਈ ਮੁੱਖ ਰੋਡ ਪ੍ਰਦਰਸ਼ਨਕਾਰੀਆਂ ਵੱਲੋਂ ਜਾਮ ਕਰ ਦਿੱਤੇ ਜਾਣ ਕਾਰਨ ਬੱਸਾਂ ਦੀ ਆਵਾਜਾਈ ਖਾਸੀ ਪ੍ਰਭਾਵਿਤ ਹੋ ਗਈ। ਸ਼ਹਿਰ ਦੇ ਬੱਸ ਸਟੈਂਡ ਵਿੱਚ਼ ਰੋਜ਼ਾਨਾ ਵੱਖ-ਵੱਖ ਰੂਟਾਂ ਤੇ 144 ਬੱਸਾਂ ਚੱਲਦੀਆਂ ਹਨ, ਪ੍ਰੰਤੂ ਬੰਦ ਕਾਰਨ 50 ਫੀਸਦੀ ਬੱਸਾਂ ਹੀ ਸੜਕਾਂ ਤੇ ਉੱਤਰੀਆਂ। ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ ਅਤੇ ਉਹ ਬੱਸਾਂ ਦੀ ਭਾਲ ਵਿੱਚ ਇਧਰ-ਉਧਰ ਭਟਕਦੇ ਵੇਖੇ ਗਏ। ਹਾਲਾਂਕਿ, ਇਸ ਬੰਦ ਦੌਰਾਨ ਮੈਡੀਕਲ ਸਟੋਰ,ਡੇਅਰੀ, ਢਾਬੇ, ਲੈਬੋਰਟਰੀ, ਬੈਂਕਾਂ ਨੂੰ ਖੁੱਲਣ ਦੀ ਛੋਟ ਦਿੱਤੀ ਗਈ। ਬੰਦ ਦੌਰਾਨ ਸਿੱਖ ਆਗੂਆਂ ਵੱਲੋਂ ਝੰਡੇ ਚੁੱਕ ਕੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕਰਦਿਆਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ। ਸ਼ਹਿਰ ਦੇ ਸੁਨਾਮੀ ਗੇਟ ਬੰਦ ਦੌਰਾਨ ਇੱਕ ਖੁੱਲ੍ਹੇ ਮੋਲ ਨੂੰ ਬੰਦ ਕਰਵਾਉਣ ਲਈ ਸਿੱਖ ਆਗੂ ਪਹੁੰਚ ਗਏ ਅਤੇ ਸਥਿਤੀ ਤਣਾਅਪੂਰਨ ਹੁੰਦੀ ਵੇਖ ਉਕਤ ਮੋਲ ਬੰਦ ਕਰ ਦਿੱਤਾ ਗਿਆ। ਇਸਤੋਂ ਬਾਅਦ ਸਿੱਖ ਆਗੂਆਂ ਨੇ ਸੰਗਰੂਰ-ਬਰਨਾਲਾ ਮੁੱਖ ਮਾਰਗ ਤੇ ਸਥਿਤ ਗੁਰਦੁਆਰਾ ਮਸਤੂਆਣਾ ਸਾਹਿਬ ਦੇ ਹਾਈਵੇ ਨੂੰ ਜਾਮ ਕਰਕੇ ਰੱਖਿਆ। ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਚਮਨਦੀਪ ਸਿੰਘ ਮਿਲਖੀ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਸਿਰਫ਼ ਕਿਸੇ ਇੱਕ ਵਿਅਕਤੀ ਜਾਂ ਇੱਕ ਸੰਸਥਾ ਦਾ ਮਸਲਾ ਨਹੀਂ, ਸਗੋਂ ਇਹ ਨਿਆਂ, ਮਨੁੱਖੀ ਅਧਿਕਾਰਾਂ ਅਤੇ ਕਾਨੂੰਨ ਦੇ ਬਰਾਬਰ ਲਾਗੂ ਹੋਣ ਨਾਲ ਜੁੜਿਆ ਹੋਇਆ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਦੀ ਰਿਹਾਈ ਲਈ ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਇਸ ਮਾਮਲੇ ਨੂੰ ਹੋਰ ਲੰਮਾ ਨਹੀਂ ਖਿੱਚਣਾ ਚਾਹੀਦਾ। ਉਨ੍ਹਾਂ ਸਮੂਹ ਵਪਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਣੇ ਕਾਰੋਬਾਰ ਬੰਦ ਰੱਖ ਕੇ ਉਨ੍ਹਾਂ ਨੇ ਇਹ ਸਪੱਸ਼ਟ ਕੀਤਾ ਹੈ ਕਿ ਸਮਾਜ ਦਾ ਵਪਾਰੀ ਵਰਗ ਵੀ ਬੰਦੀ ਸਿੰਘਾਂ ਦੀ ਰਿਹਾਈ ਅਤੇ ਇਨਸਾਫ਼ ਦੀ ਮੰਗ ਨਾਲ ਖੜ੍ਹਾ ਹੈ। ਇਸ ਮੌਕੇ ਅਕਾਲੀ ਦਲ ਵਾਰਿਸ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਕਾਹਨਗੜ੍ਹ, ਯੂਥ ਵਿੰਗ ਪ੍ਰਧਾਨ ਐਡਵੋਕੇਟ ਗੁਰਕੀਰਤ ਸਿੰਘ ਲਖਮੀਰਵਾਲਾ, ਹਰਮਨਜੀਤ ਸਿੰਘ ਡਿੱਕੀ ਜੇਜੀ, ਗੁਰਨੈਬ ਸਿੰਘ ਰਾਮਪੁਰਾ, ਕੁਲਵਿੰਦਰ ਸਿੰਘ ਧੂਰੀ, ਆਈਟੀ ਕੋਆਰਡੀਨੇਟਰ ਲਖਵੀਰ ਸਿੰਘ ਢੀਂਡਸਾ, ਕਰਮ ਸਿੰਘ ਫੌਜੀ, ਹਰਪਾਲ ਕੋਰ, ਐਡਵੋਕੇਟ ਮਨਪ੍ਰੀਤ ਸਿੰਘ ਨਮੋਲ, ਗੁਰਸੇਵਕ ਸਿੰਘ, ਜੱਗੀ ਕਰਤਾਰਪੁਰਾ, ਮੁਨੀਸ਼ ਮੌਜੂਦ ਸਨ।