ਆਸਮਾਨ ’ਚ ਛਾਏ ਬੱਦਲਾਂ ਤੇ ਮੀਂਹ ਨੇ ਕਿਸਾਨਾਂ ਨੂੰ ਸੋਚਾ ’ਚ ਪਾਇਆ
ਆਸਮਾਨ ’ਚ ਛਾਏ ਬੱਦਲਾਂ ਤੇ ਮੀਂਹ ਨੇ ਕਿਸਾਨਾਂ ਨੂੰ ਸੋਚਾ ’ਚ ਪਾਇਆ
Publish Date: Fri, 03 Apr 2026 04:12 PM (IST)
Updated Date: Sat, 04 Apr 2026 04:04 AM (IST)

: ਮੀਂਹ ਤੇ ਤੇਜ ਹਵਾਵਾਂ ਨਾਲ ਕਣਕ ਹੇਠਾਂ ਵਿਛੀ : ਖ਼ਰਾਬ ਮੌਸਮ ਨਾਲ ਕਣਕ ਦੇ ਝਾੜ ’ਤੇ ਪਵੇਗਾ ਅਸਰ: ਕਿਸਾਨ ਯਾਦਵਿੰਦਰ ਸਿੰਘ ਭੁੱਲਰ/ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਪਿਛਲੇ ਕਈ ਦਿਨਾਂ ਤੋਂ ਆਸਮਾਨ ’ਚ ਛਾਏ ਬੱਦਲਾਂ ਦੇ ਪੈ ਰਹੀ ਬਰਸਾਤ ਕਾਰਨ ਕਿਸਾਨਾਂ ’ਚ ਚਿੰਤਾ ਵਧ ਗਈ ਹੈ, ਕਿਉਂਕਿ ਇਸ ਸਮੇਂ ਕਣਕ ਦੀ ਫ਼ਸਲ ਪੱਕਣ ਕਿਨਾਰੇ ਹੈ ਤੇ ਫ਼ਸਲ ਦਾ ਰੰਗ ਵੀ ਬਦਲ ਚੁੱਕਿਆ ਹੈ। ਮੀਂਹ ਪੈਣ ਦੇ ਨਾਲ-ਨਾਲ ਚੱਲੀਆਂ ਤੇਜ਼ ਹਵਾਵਾਂ ਨਾਲ ਕਈ ਥਾਵਾਂ ’ਤੇ ਕਣਕ ਦੀ ਫ਼ਸਲ ਹੇਠਾਂ ਵਿਛ ਗਈ ਹੈ, ਜਿਸ ਕਾਰਨ ਕਿਸਾਨਾਂ ਨੂੰ ਝਾੜ ਦੇ ਨੁਕਸਾਨ ਦੀ ਵੀ ਚਿੰਤਾ ਸਤਾ ਰਹੀ ਹੈ। ਮੀਂਹ ਤੇ ਖ਼ਰਾਬ ਮੌਸਮ ਕਾਰਨ ਕਿਸਾਨ ਫਿਕਰਮੰਦ ਬਰਨਾਲਾ ਦੇ ਆਸ-ਪਾਸ ਦੇ ਇਲਾਕੇ ’ਚ ਸ਼ੁੱਕਰਵਾਰ ਨੂੰ ਸਾਰਾ ਦਿਨ ਸੰਘਣੀ ਬੱਦਲਵਾਈ ਤੇ ਰੁਕ-ਰੁਕ ਕੇ ਪਏ ਮੀਂਹ ਨੇ ਮੌਸਮ ਤਾਂ ਭਾਵੇਂ ਸੁਹਾਵਣਾ ਕਰ ਦਿੱਤਾ ਪਰ ਇਸ ਬੱਦਲਵਾਈ ਤੇ ਮੀਂਹ ਨੇ ਕਿਸਾਨਾਂ ਨੂੰ ਫਿਕਰਾਂ ’ਚ ਪਾ ਦਿੱਤਾ ਹੈ। ਪੱਕਣ ਨੇੜੇ ਖੜ੍ਹੀ ਫਸਲ ਦੇ ਨੁਕਸਾਨ ਦਾ ਡਰ ਕਿਸਾਨਾਂ ਨੂੰ ਸਤਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਧਦੀ ਗਰਮੀ ਤੋਂ ਬਾਅਦ ਬੀਤੇ ਦਿਨ ਤੋਂ ਮੌਸਮ ’ਚ ਆਈ ਤਬਦੀਲੀ ਕਾਰਨ ਸ਼ੁੱਕੱਰਵਾਰ ਤੜਕੇ ਤੋਂ ਹੀ ਸੰਘਣੀ ਬੱਦਲਵਾਈ ਛਾ ਗਈ ਤੇ ਕਿਣਮਿਣ ਹੋਣੀ ਸ਼ੁਰੂ ਹੋ ਗਈ, ਜਿਉ- ਜਿਉਂ ਦਿਨ ਚੜ੍ਹਦਾ ਗਿਆ ਮੌਸਮ ਲਗਾਤਾਰ ਖਰਾਬ ਹੁੰਦਾ ਗਿਆ। ਇਸ ਦੌਰਾਨ ਕਈ ਵਾਰ ਤੇਜ਼ ਮੀਂਹ ਪਿਆ ਤੇ ਹਨੇਰੀ ਵੀ ਚੱਲਦੀ ਰਹੀ। ਇਸ ਅਚਾਨਕ ਬਦਲੇ ਮੌਸਮ ਨੇ ਪਿਛਲੇ ਕਈ ਦਿਨਾਂ ਤੋਂ ਗਰਮੀ ਵਧਣ ਤੋਂ ਪਰੇਸ਼ਾਨ ਬਰਨਾਲਾ ਵਾਸੀਆਂ ਨੂੰ ਕੁਝ ਰਾਹਤ ਦਿੱਤੀ ਹੈ ਪਰ ਦੂਜੇ ਪਾਸੇ ਇਸ ਮੌਸਮ ਨੇ ਕਿਸਾਨਾਂ ਦੀ ਨੀਂਦ ਉਡਾ ਦਿੱਤੀ ਹੈ। ਨੀਵੀਆਂ ਸੜਕਾਂ ਤੇ ਗਲੀਆਂ ’ਚ ਚਿੱਕੜ ਹੋ ਗਿਆ। ਦੂਜੇ ਪਾਸੇ ਇਹ ਮੀਂਹ ਕਣਕ ਦੀ ਉਸ ਫਸਲ ਲਈ ਨੁਕਸਾਨ ਵਾਲਾ ਮੰਨਿਆ ਜਾ ਰਿਹਾ ਹੈ ਜੋ ਵਾਢੀ ਲਈ ਪੂਰੀ ਤਰ੍ਹਾਂ ਤਿਆਰ ਖੜ੍ਹੀ ਹੈ। ਤੇਜ਼ ਹਨੇਰੀ ਕਰ ਕੇ ਪੱਕੀ ਫਸਲ ਜ਼ਮੀਨ ’ਤੇ ਵਿਛ ਜਾਂਦੀ ਹੈ ਤੇ ਉਸ ਦੇ ਦਾਣਿਆਂ ਦਾ ਰੰਗ ਵੀ ਕਾਲਾ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ। ਮੌਸਮ ਮਾਹਿਰਾਂ ਦੀ ਮੰਨੀਏ ਤਾਂ ਆਉਂਦੇ ਕੁੱਝ ਦਿਨਾਂ ਤਕ ਮੌਸਮ ਇਸੇ ਤਰ੍ਹਾਂ ਦਾ ਰਹਿਣ ਦੀ ਸੰਭਾਵਨਾ ਹੈ। ਮੌਸਮ ’ਚ ਨਮੀ ਵਧਣ ਕਾਰਨ ਕਣਕ ਦੀ ਵਾਢੀ ’ਚ ਵੀ ਦੇਰੀ ਦੀ ਸੰਭਾਵਨਾ ਬਣ ਸਕਦੀ ਹੈ। : ਖ਼ਰਾਬ ਮੌਸਮ ਨਾਲ ਕਣਕ ਦੇ ਝਾੜ ’ਤੇ ਪਵੇਗਾ ਅਸਰ : ਕਿਸਾਨ ਇਸ ਸਬੰਧੀ ਕਿਸਾਨਾਂ ਹਰਦੇਵ ਸਿੰਘ, ਨਛੱਤਰ ਸਿੰਘ, ਗੁਰਲਾਲ ਸਿੰਘ, ਜਗਦੇਵ ਸਿੰਘ ਮਾਨ, ਅਮਰਜੀਤ ਸਿੰਘ, ਕਰਤਾਰ ਸਿੰਘ ਆਦਿ ਨੇ ਕਿਹਾ ਕਿ ਮੈਦਾਨੀ ਇਲਾਕਿਆਂ ’ਚ ਪੈ ਰਹੇ ਤੇਜ਼ ਮੀਂਹ, ਹਨੇਰੀ ਤੇ ਝੱਖੜ ਕਰਕੇ ਜਿਥੇ ਮੌਸਮ ਬਦਲ ਗਿਆ, ਉਥੇ ਹੀ ਕਿਸਾਨਾਂ ਦੀ ਚਿੰਤਾ ਵੀ ਵੱਧ ਰਹੀ ਹੈ। ਬੀਤੀ ਰਾਤ ਤੇਜ਼ ਹਨੇਰੀ ਤੇ ਝੱਖੜ ਨੇ ਪੁੱਤਾਂ ਵਾਂਗ ਪਾਲੀ ਕਿਸਾਨ ਦੀ ਕਣਕ ਵਾਲੀ ਫਸਲ ਡੇਗ ਦਿੱਤੀ, ਜਿਸ ਕਰਕੇ ਕਿਸਾਨਾਂ ਦਾ ਜਿਥੇ ਭਾਰੀ ਨੁਕਸਾਨ ਹੋਇਆ, ਉਥੇ ਹੀ ਮੌਸਮ ਦੇ ਬਦਲੇ ਮਿਜ਼ਾਜ ਨੇ ਫਸਲ ਦਾ ਝਾੜ ਵੀ ਮਾਰ ਦਿੱਤਾ ਤੇ ਦਾਣਾ ਵੀ ਨੁਕਸਾਨਿਆ ਗਿਆ। ਖੇਤੀਬਾੜੀ ਮਾਹਰਾਂ ਨੇ ਦੱਸਿਆ ਕਿ ਮਾਰਚ ਮਹੀਨੇ ਪਈ ਤਪਸ਼ ਵਾਲੀ ਗਰਮੀ ਨੇ ਫਸਲ ਦਾ ਭਾਰੀ ਨੁਕਸਾਨ ਕੀਤਾ, ਫਿਰ ਕਣੀਆਂ ਪੈ ਗਈਆਂ, ਜਿਸ ਨਾਲ ਕਣਕ ਨੂੰ ਕੁਝ ਰਾਹਤ ਮਿਲੀ, ਫਿਰ ਤਪਸ਼ ਵੱਧ ਗਈ, ਹੁਣ ਫਿਰ ਮੀਂਹ ਪੈ ਗਿਆ, ਜਿਸ ਕਰਕੇ ਫਸਲ ਦਾ ਨੁਕਸਾਨ ਹੋਇਆ। ਉਥੇ ਹੀ ਦਾਣਾ ਵੀ ਸੁੰਗੜ ਗਿਆ, ਜਿਸ ਨਾਲ ਮੰਡੀਆਂ ’ਚ ਜਦੋਂ ਫਸਲ ਆਏਗੀ, ਉਦੋਂ ਨਮੀ ਦਾ ਵੀ ਅਸਰ ਦੇਖਣ ਨੂੰ ਮਿਲੇਗਾ, ਜਿਸ ਨਾਲ ਕਿਸਾਨਾਂ ਦਾ ਨੁਕਸਾਨ ਹੋਣਾ ਸੁਭਾਵਿਕ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਨੁਕਸਾਨੀ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ। ਮੌਸਮ ਨੇ ਕਿਸਾਨਾਂ ਦੀ ਵਧਾਈ ਪਰੇਸ਼ਾਨ : ਬਿੱਟੂ ਝਲੂਰ ਬੀਕੇਯੂ ਕਾਦੀਆ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਬਲਦੇਵ ਸਿੰਘ ਬਿੱਟੂ ਝਲੂਰ ਨੇ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਿਹਾ ਹੈ, ਉੱਪਰੋਂ ਖ਼ਰਾਬ ਮੌਸਮ ਨੇ ਕਿਸਾਨਾਂ ਦੀ ਹੋਰ ਜ਼ਿਆਦਾ ਚਿੰਤਾ ਨੂੰ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੀਂਹ ਪੈਣ ਕਾਰਨ ਕਣਕ ਦੀ ਫ਼ਸਲ ਦੇ ਝਾੜ ’ਤੇ ਬਹੁਤ ਜ਼ਿਆਦਾ ਮਾੜਾ ਅਸਰ ਪੈ ਸਕਦਾ ਹੈ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਜਿਹੜੇ ਕਿਸਾਨਾਂ ਦੀ ਖ਼ਰਾਬ ਮੌਸਮ ਨਾਲ ਕਣਕ ਦੀ ਫ਼ਸਲ ਨੁਕਸਾਨੀ ਜਾਵੇਗੀ ਉਨ੍ਹਾਂ ਨੂੰ ਜਲਦ ਤੋਂ ਜਲਦ ਮੁਆਵਜ਼ਾ ਕੀਤਾ ਜਾਵੇ। ਕਿਸਾਨ ਆਰਥਿਕ ਪੱਖੋ ਪਹਿਲਾਂ ਹੀ ਕਮਜ਼ੋਰ : ਰਾਜਗੜ੍ਹ ਬੀਕੇਯੂ ਕਾਦੀਆ ਦੇ ਜ਼ਿਲ੍ਹਾ ਚੇਅਰਮੈਨ ਯਾਦਵਿੰਦਰ ਸਿੰਘ ਰਾਜਗੜ੍ਹ ਨੇ ਕਿਹਾ ਕਿ ਕੁੱਝ ਕਿਸਾਨਾਂ ਵੱਲੋਂ ਮਹਿੰਗੇ ਭਾਅ ਠੇਕੇ ’ਤੇ ਜ਼ਮੀਨ ਲੈ ਕੇ ਖੇਤੀਬਾੜੀ ਕੀਤੀ ਜਾ ਰਹੀ ਹੈ, ਪਰ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਖ਼ਰਾਬ ਹੋ ਰਹੇ ਮੌਸਮ ਨੇ ਉਨ੍ਹਾਂ ਨੂੰ ਫਿਕਰਾ ਚ ਪਾ ਦਿੱਤਾ, ਮੀਂਹ ਤੇ ਹਨ੍ਹੇਰੀ ਕਾਰਨ ਕਈ ਥਾਵਾਂ ’ਤੇ ਕਣਕ ਦੀ ਫ਼ਸਲ ਹੇਠਾਂ ਵਿਛ ਗਈ ਹੈ। ਜਿਸ ਕਾਰਨ ਕਣਕ ਦਾ ਦਾਣਾ ਖਰਾਬ ਹੋਣ ਦਾ ਖਦਸਾ ਵਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਖ਼ਰਾਬ ਮੌਸਮ ਕਾਰਨ ਕਿਸਾਨਾਂ ਦੀ ਫਸਲ ਨੁਕਸਾਨੀ ਜਾਂਦੀ ਹੈ ਤਾਂ ਸਰਕਾਰ ਨੂੰ ਕਿਸਾਨਾਂ ਲਈ ਯੋਗ ਮੁਆਵਜੇ ਦੀ ਪਹਿਲਾਂ ਤੋਂ ਹੀ ਪ੍ਰਬੰਧ ਕਰਨਾ ਚਾਹੀਦਾ ਹੈ।