- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਗਰੂਕਤਾ ਮੁਹਿੰਮ ਤਹਿਤ ਪੋਸਟਰ ਤੇ ਡੈਕਲਮੇਸ਼ਨ ਮੁਕਾਬਲੇ ਕਰਵਾਏ

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲਕਲਾਂ :ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਤੇ ਪ੍ਰਿੰਸੀਪਲ ਚਰਨਦੀਪ ਸਿੰਘ (ਡਾ.) ਦੀ ਅਗਵਾਈ ’ਚ ਚੱਲ ਰਹੀ ਇਲਾਕੇ ਦੀ ਪ੍ਰਮੁੱਖ ਵਿਦਿਅਕ ਸੰਸਥਾ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ (ਬਰਨਾਲਾ) ਵੱਲੋਂ ਵਿਦਿਆਰਥਣਾਂ ਨੂੰ ਸਮਾਜਿਕ ਮੁੱਦਿਆਂ ਪ੍ਰਤੀ ਜਾਗਰੂਕ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸੇ ਲੜੀ ਅਧੀਨ ਸੰਸਥਾ ਦੇ ਰੈੱਡ ਰਿਬਨ ਕਲੱਬ ਵੱਲੋਂ ਪੋਸਟਰ ਮੇਕਿੰਗ ਮੁਕਾਬਲੇ ਅਤੇ ਡੈਕਲਮੇਸ਼ਨ (ਭਾਸ਼ਣ ਕਲਾ) ਪ੍ਰਤੀਯੋਗਤਾ ਕਰਵਾਈ ਗਈ। ਇਸ ਮੌਕੇ ਰੈੱਡ ਰਿਬਨ ਕਲੱਬ ਦੇ ਨੋਡਲ ਅਫਸਰ ਜਨਮੀਤ ਸਿੰਘ (ਡਾ.) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਰੁਣ ਕੁਮਾਰ, ਅਸਿਸਟੈਂਟ ਡਾਇਰੈਕਟੋਰੇਟ, ਯੁਵਕ ਸੇਵਾਵਾਂ ਵਿਭਾਗ, ਬਰਨਾਲਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕਰਵਾਏ ਗਏ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥਣਾਂ ’ਚ ਸਮਾਜਿਕ ਜ਼ਿੰਮੇਵਾਰੀ ਅਤੇ ਮਹੱਤਵਪੂਰਨ ਸਮਾਜਿਕ ਮੁੱਦਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥਣਾਂ ਨੇ ਨਸ਼ੇ ਨੂੰ ਨਾ, ਜ਼ਿੰਦਗੀ ਨੂੰ ਹਾਂ, ਏਡਜ਼ ਦੀ ਬਿਮਾਰੀ ਪ੍ਰਤੀ ਜਾਗਰੂਕਤਾ ਅਤੇ ਖੂਨ ਦਾਨ ਮਹਾਂਦਾਨ ਵਰਗੇ ਮਹੱਤਵਪੂਰਨ ਵਿਸ਼ਿਆਂ ਉੱਤੇ ਬਹੁਤ ਹੀ ਪ੍ਰਭਾਵਸ਼ਾਲੀ ਪੋਸਟਰ ਤਿਆਰ ਕੀਤੇ ਅਤੇ ਇਨ੍ਹਾਂ ਵਿਸ਼ਿਆਂ ਸੰਬੰਧੀ ਡੈਕਲਮੇਸ਼ਨ ਮੁਕਾਬਲੇ ਵਿੱਚ ਵੀ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥਣਾਂ ਦੁਆਰਾ ਆਪਣੇ ਭਾਸ਼ਣਾਂ ਰਾਹੀਂ ਸਮਾਜਿਕ ਬੁਰਾਈਆਂ ਖ਼ਿਲਾਫ਼ ਸੁਚੇਤ ਰਹਿਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੀ ਭਾਸ਼ਣ ਕਲਾ ਅਤੇ ਆਤਮਵਿਸ਼ਵਾਸ ਨੇ ਸਭ ਨੂੰ ਪ੍ਰਭਾਵਿਤ ਕੀਤਾ। ਮੁਕਾਬਲਿਆਂ ਦੀ ਜੱਜਮੈਂਟ ਦੀ ਡਿਊਟੀ ਗੁਰਦੀਪ ਕੌਰ (ਡਾ.), ਪ੍ਰੋ. ਜਸਪ੍ਰੀਤ ਕੌਰ ਅਤੇ ਪ੍ਰੋ. ਰਮਨਦੀਪ ਕੌਰ ਵੱਲੋਂ ਬਹੁਤ ਹੀ ਨਿਰਪੱਖ ਢੰਗ ਨਾਲ ਨਿਭਾਈ ਗਈ। ਪ੍ਰਿੰਸੀਪਲ ਚਰਨਦੀਪ ਸਿੰਘ (ਡਾ.) ਵੱਲੋਂ ਵੀ ਵਿਦਿਆਰਥਣਾਂ ਦੀ ਪ੍ਰਤੀਯੋਗਤਾ ਵਿੱਚ ਭਾਗੀਦਾਰੀ ਦੀ ਪ੍ਰਸ਼ੰਸਾ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਲੋੜ ਹੈ ਵਿਦਿਆਰਥੀ ਵਰਗ ਸਮਾਜ ’ਚ ਇਨ੍ਹਾਂ ਵਿਸ਼ਿਆਂ ਸੰਬੰਧੀ ਸਾਰਥਕ ਸੰਦੇਸ਼ ਪਹੁੰਚਾਵੇ ਅਤੇ ਸਿਹਤਮੰਦ ਸਮਾਜ ਸਿਰਜਣ ’ਚ ਆਪਣਾ ਯੋਗਦਾਨ ਪਾਵੇ। ਇਸ ਮੌਕੇ ਪਿ੍ੰਸੀਪਲ ਚਰਨਦੀਪ ਸਿੰਘ (ਡਾ.), ਰੈੱਡ ਰਿਬਨ ਕਲੱਬ ਦੇ ਨੋਡਲ ਅਫ਼ਸਰ ਜਨਮੀਤ ਸਿੰਘ (ਡਾ.), ਪ੍ਰੋ. ਅਮਨਦੀਪ ਕੌਰ ਅਤੇ ਫੈਕਲਟੀ ਮੈਂਬਰਜ਼ ਵੱਲੋਂ ਜੇਤੂ ਵਿਦਿਆਰਥਣਾਂ ਨੂੰ ਇਨਾਮ ਵੀ ਵੰਡੇ ਗਏ ਅਤੇ ਸਾਰੇ ਭਾਗ ਲੈਣ ਵਾਲਿਆਂ ਨੂੰ ਭਵਿੱਖ ’ਚ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਡਾ. ਜਨਮੀਤ ਸਿੰਘ ਵੱਲੋਂ ਸੰਸਥਾ ਦੇ ਪਿ੍ੰਸੀਪਲ ਚਰਨਦੀਪ ਸਿੰਘ (ਡਾ.), ਅਰੁਣ ਕੁਮਾਰ, ਅਸਿਸਟੈਂਟ ਡਾਇਰੈਕਟੋਰੇਟ, ਯੁਵਕ ਸੇਵਾਵਾਂ ਵਿਭਾਗ, ਬਰਨਾਲਾ, ਪ੍ਰੋ. ਅਮਨਦੀਪ ਕੌਰ, ਪ੍ਰੋ. ਲਭਜੀਤ ਕੌਰ ਅਤੇ ਸਮੂਹ ਫੈਕਲਟੀ ਮੈਂਬਰਜ਼ ਦਾ ਇਨ੍ਹਾਂ ਪ੍ਰਤੀਯੋਗਤਾਵਾਂ ਦੇ ਸਫਲ ਆਯੋਜਨ ਲਈ ਧੰਨਵਾਦ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਸਮਾਜਿਕ ਜਾਗਰੂਕਤਾ ਵਧਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਤੇ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ।