- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਦੀ ਨੱਕ ਹੇਠ ਵਿੱਕ ਰਿਹਾ ਚਿੱਟਾ 'ਤੇ ਡਰੱਗ : ਸਚਿਨ ਪਾਇਲਟ

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ,
ਭਵਾਨੀਗੜ੍ਹ : ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ 4 ਨਵੰਬਰ ਨੂੰ ਹਲਕਾ ਸੰਗਰੂਰ ਅਧੀਨ ਆਉਂਦੇ ਭਵਾਨੀਗੜ੍ਹ ਦੇ ਪਿੰਡ ਫੱਗੂਵਾਲਾ ਵਿਖੇ ਵਿਸ਼ਾਲ ‘ਪੰਜਾਬ ਬਚਾਓ’ ਇਨਸਾਫ ਰੈਲੀ ਨੂੰ ਸੰਬੋਧਨ ਕਰਨਗੇ। ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੰਯੁਕਤ ਖ਼ਜ਼ਾਨਚੀ ਅਤੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਪਿੰਡ ਫੱਗੂਵਾਲਾ ਵਿਖੇ ਰੈਲੀ ਵਾਲੀ ਥਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਮੁੱਖ ਆਗੂ ਰਾਹੁਲ ਗਾਂਧੀ ਦੇ ਵਿਚਾਰ ਸੁਣਨ ਲਈ ਪਾਰਟੀ ਆਗੂਆਂ ਤੇ ਵਰਕਰਾਂ ਦੇ ਨਾਲ-ਨਾਲ ਆਮ ਲੋਕਾਂ ਵਿਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਸਚਿਨ ਪਾਇਲਟ ਨੇ ਆਪ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸੰਪੂਰਨ ਬਹੁਮਤ ਨਾਲ ਪੰਜਾਬੀਆਂ ਨੇ ਵਿਸ਼ਵਾਸ ਕਰਕੇ ਸਰਕਾਰ ਬਣਾਈ ਸੀ ਪਰ ਇਹ ਸਰਕਾਰ ਉਸ ਵਿਸ਼ਵਾਸ ਤੇ ਖਰੀ ਨਹੀਂ ਉੱਤਰ ਸਕੀ। ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਚੁੱਕੇ ਹਨ ਉਹਨਾਂ ਨੂੰ ਦੁਬਾਰਾ ਰਸਤੇ ਤੇ ਲਿਆਉਣ ਲਈ ਕਾਂਗਰਸ ਦੀ ਸਰਕਾਰ ਬਣਾਉਣੀ ਬਹੁਤ ਜਰੂਰੀ ਹੈ।
ਉਹਨਾਂ ਕਿਹਾ ਕਿ ਜਿਸ ਆਮ ਆਦਮੀ ਪਾਰਟੀ ਨੇ ਵੱਡੇ ਬਹੁਮਤ ਨਾਲ ਸਰਕਾਰ ਬਣਾਈ ਸੀ ਉਸ ਦੇ ਰਾਜ ਸਭਾ ਸਾਂਸਦ ਅਤੇ ਐੱਮਐੱਲਏ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਕਾਂਗਰਸ ਦੀ ਸਰਕਾਰ ਹੀ ਹੈ ਜੋ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਬਾਹਰ ਕੱਢ ਸਕਦੀ ਹੈ। ਸਚਿਨ ਪਾਇਲਟ ਨੇ ਕਿਹਾ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਸਰਕਾਰ ਦੀ ਨੱਕ ਥੱਲੇ ਸ਼ਰੇਆਮ ਚਿੱਟੇ ਅਤੇ ਡਰੱਗ ਦਾ ਵਪਾਰ ਹੋ ਰਿਹਾ ਹੈ।
ਪੰਜਾਬ ਦੀ ਸਰਕਾਰ ਨੂੰ ਆਪ ਦੇ ਦਿੱਲੀ ਵਾਲੇ ਕੁੱਝ ਲੀਡਰ ਚਲਾ ਰਹੇ ਹਨ, ਲੋਕਾਂ ਦੀ ਮਿਹਨਤ ਦਾ ਟੈਕਸ ਰਾਹੀਂ ਦਿੱਤਾ ਪੈਸਾ ਪੰਜਾਬ ਸਰਕਾਰ ਆਪਦੇ ਦਿੱਲੀ ਦੇ ਅਕਾਵਾਂ ਨੂੰ ਖੁਸ਼ ਕਰਨ ਲਈ ਖਰਚ ਕਰ ਰਹੀ ਹੈ। ਪੰਜਾਬ ਦੇ ਲੋਕ ਬਹੁਤ ਸਮਝਦਾਰ ਹਨ ਉਹ ਆਪਣਾ ਵੋਟ ਖਰਾਬ ਨਹੀਂ ਕਰਨਗੇ ਅਤੇ ਉਨ੍ਹਾਂ ਨੂੰ ਵੀ ਪਤਾ ਹੈ ਜੇ ਕੋਈ ਸਰਕਾਰ ਬਣਾਉਣ ਦਾ ਦਮ ਰੱਖਦਾ ਹੈ ਤਾਂ ਉਹ ਕਾਂਗਰਸ ਹੀ ਹੈ।
ਇਸ ਮੌਕੇ ਰਜਿੰਦਰ ਦੀਪਾ, ਬਲਾਕ ਪ੍ਰਧਾਨ ਗੁਰਦੀਪ ਘਰਾਚੋਂ, ਜਗਤਾਰ ਨਮਾਦਾ, ਰਣਜੀਤ ਤੂਰ, ਤਰਸੇਮ ਜਿੰਦਲ, ਅਮਰਪਾਲ ਸਿੰਘ ਤੂਰ, ਆਂਚਲ ਗਰਗ, ਮੰਗਤ ਸ਼ਰਮਾ, ਬਿੱਟੂ ਖਾਂ, ਗੁਰਪ੍ਰੀਤ ਕੰਧੋਲਾ, ਹਰੀ ਸਿੰਘ ਫੱਗੂਵਾਲਾ, ਮੰਨਾ ਫੱਗੂਵਾਲਾ ਹਾਜ਼ਰ ਸਨ।