- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਰਾਬ ਸਮੇਤ ਫੜੀ ਫੋਰਚੂਨਰ ਦਾ ਨੰਬਰ ਆਰ ਨੇਤ ਦੇ ਗਾਣੇ ਵਾਲੀ ਗੱਡੀ ਨਾਲ ਮਿਲਿਆ

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ
ਭਵਾਨੀਗੜ੍ਹ ਵਿੱਚ ਬੀਤੇ ਕੱਲ੍ਹ 101 ਪੇਟੀਆਂ ਚੰਡੀਗੜ੍ਹ ਮਾਰਕਾ ਸ਼ਰਾਬ ਸਮੇਤ ਫੜੀ ਗਈ ਕਾਲੇ ਰੰਗ ਦੀ ਫੋਰਚੂਨਰ ਗੱਡੀ ਨੂੰ ਲੈ ਕੇ ਇੱਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਪੰਜਾਬੀ ਗਾਇਕ ਆਰ ਨੇਤ ਦੇ ਕਰੀਬ ਪੰਜ ਤੋਂ ਛੇ ਸਾਲ ਪਹਿਲਾਂ ਰਿਲੀਜ਼ ਹੋਏ ਗਾਣੇ ‘ਫੋਰਚੂਨਰ’ ਵਿੱਚ ਵੀ ਕਾਲੇ ਰੰਗ ਦੀ ਫੋਰਚੂਨਰ ਗੱਡੀ ਦਿਖਾਈ ਗਈ ਹੈ, ਜਿਸ ਦਾ ਨੰਬਰ ਫੜੀ ਗਈ ਗੱਡੀ ਦੇ ਨੰਬਰ ਨਾਲ ਮਿਲਦਾ-ਜੁਲਦਾ ਨਹੀਂ, ਸਗੋਂ ਸੇਮ ਦੱਸਿਆ ਜਾ ਰਿਹਾ ਹੈ।
ਹੁਣ ਜਾਂਚ ਦਾ ਮੁੱਖ ਵਿਸ਼ਾ ਇਹ ਹੈ ਕਿ ਸ਼ਰਾਬ ਸਮੇਤ ਫੜੀ ਗਈ ਗੱਡੀ ’ਤੇ ਜਾਅਲੀ ਨੰਬਰ ਪਲੇਟ ਲੱਗੀ ਹੋਈ ਹੈ ਜਾਂ ਗਾਣੇ ਦੀ ਸ਼ੂਟਿੰਗ ਵਿੱਚ ਵਰਤੀ ਗਈ ਅਤੇ ਹੁਣ ਪੁਲਿਸ ਵੱਲੋਂ ਫੜੀ ਗਈ ਗੱਡੀ ਇੱਕੋ ਹੀ ਹੈ ਜਾਂ ਦੋਵੇਂ ਵੱਖ-ਵੱਖ ਗੱਡੀਆਂ ਹਨ। ਇਸ ਸਬੰਧੀ ਥਾਣਾ ਭਵਾਨੀਗੜ੍ਹ ਦੇ ਮੁਖੀ ਗੁਰਪ੍ਰੀਤ ਸਿੰਘ ਸਮਰਾਓ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੇ ਸਾਰੇ ਪਹਿਲੂਆਂ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਜੇ ਜਰੂਰਤ ਹੋਈ ਜਾਂਚ ਵਿੱਚ ਸ਼ਾਮਿਲ ਹੋਵਾਂਗੇ : ਸ਼ਰਮਾ
ਉੱਧਰ, ਜਦੋਂ ਪੰਜਾਬੀ ਗਾਇਕ ਆਰ ਨੇਤ ਦੀ ਮੈਨੇਜਮੈਂਟ ਟੀਮ ਨਾਲ ਸੰਪਰਕ ਕੀਤਾ ਗਿਆ ਤਾਂ ਮੈਨੇਜਮੈਂਟ ਵੱਲੋਂ ਰਾਜ ਸ਼ਰਮਾ ਨੇ ਦੱਸਿਆ ਕਿ ਗਾਣੇ ਦੀ ਸ਼ੂਟਿੰਗ ਦੌਰਾਨ ਵਰਤੇ ਜਾਣ ਵਾਲੇ ਸਮਾਨ ਅਤੇ ਕਾਰਾਂ ਜਾਂ ਹੋਰ ਗੱਡੀਆਂ ਦੀ ਜ਼ਿੰਮੇਵਾਰੀ ਪ੍ਰੋਡਕਸ਼ਨ ਟੀਮ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਗਾਣਾ ਰਿਲੀਜ਼ ਹੋਏ ਨੂੰ ਵੀ ਕਰੀਬ ਛੇ ਸਾਲ ਦਾ ਸਮਾਂ ਹੋ ਚੁੱਕਾ ਹੈ। ਜੇਕਰ ਜਾਂਚ ਦੌਰਾਨ ਲੋੜ ਪਈ ਤਾਂ ਉਹ ਜਾਂਚ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ। ਹੁਣ ਪੁਲਿਸ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਦੋਵੇਂ ਗੱਡੀਆਂ ਇੱਕੋ ਹਨ ਜਾਂ ਨੰਬਰ ਪਲੇਟ ਦੇ ਮਾਮਲੇ ਵਿੱਚ ਕੋਈ ਗੜਬੜ ਹੈ।