- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਚਿਆਂ ਨੂੰ ਅਧਿਕਾਰਾਂ 'ਤੇ ਸਾਈਬਰ ਸੁਰੱਖਿਆ ਬਾਰੇ ਕੀਤਾ ਜਾਗਰੂਕ

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ,
ਭਵਾਨੀਗੜ੍ਹ : ਬੱਚਿਆਂ ਦੇ ਅਧਿਕਾਰਾਂ ਦੀ ਰਾਖੀ, ਸਿੱਖਿਆ ਦੀ ਮਹੱਤਤਾ ਅਤੇ ਸੁਰੱਖਿਆ ਸਬੰਧੀ ਕਾਨੂੰਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਵੱਲੋਂ ਸੁਰੱਖਿਅਤ ਬਚਪਨ ਮੁਹਿੰਮ ਤਹਿਤ ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ, ਭਵਾਨੀਗੜ੍ਹ ਵਿਖੇ ਵਿਸ਼ੇਸ਼ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਆਪਣੇ ਕਾਨੂੰਨੀ ਅਧਿਕਾਰਾਂ ਦੀ ਜਾਣਕਾਰੀ ਰੱਖਣ ਅਤੇ ਕਿਸੇ ਵੀ ਮੁਸ਼ਕਲ ਸਮੇਂ ਸਹੀ ਸਹਾਇਤਾ ਲੈਣ ਲਈ ਪ੍ਰੇਰਿਤ ਕੀਤਾ ਗਿਆ।
ਇਹ ਪ੍ਰੋਗਰਾਮ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਅਤੇ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਅਸ਼ੀਸ਼ ਠਠਈ ਦੀ ਦੇਖ-ਰੇਖ ਹੇਠ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਪ੍ਰਤਾਪ ਸਿੰਘ ਅਤੇ ਸਿਵਲ ਜੱਜ ਜੈਬੀਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ।
‘ਮੇਰਾ ਬਚਪਨ, ਮੇਰਾ ਅਧਿਕਾਰ’ ਦਾ ਦਿੱਤਾ ਸੁਨੇਹਾ
ਸਮਾਗਮ ਦੌਰਾਨ ‘ਮੇਰਾ ਬਚਪਨ, ਮੇਰਾ ਅਧਿਕਾਰ’ ਅਤੇ ‘ਕਾਨੂੰਨ ਜਾਣੋ, ਬਚਪਨ ਬਚਾਓ’ ਵਿਸ਼ਿਆਂ ਤਹਿਤ ਵਿਦਿਆਰਥੀਆਂ ਨੂੰ ਬੱਚਿਆਂ ਦੇ ਅਧਿਕਾਰਾਂ, ਲਾਜ਼ਮੀ ਸਿੱਖਿਆ ਅਤੇ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਸਕੂਲ ਦੇ ਵਿਦਿਆਰਥੀਆਂ ਨੇ ਲੈਕਚਰਾਂ ਅਤੇ ਸਕਿੱਟਾਂ ਰਾਹੀਂ ਬੱਚਿਆਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਰਹਿਣ, ਸੁਰੱਖਿਅਤ ਮਾਹੌਲ ਵਿੱਚ ਜੀਵਨ ਬਤੀਤ ਕਰਨ ਅਤੇ ਮੁਸ਼ਕਲ ਸਮੇਂ ਸਹੀ ਸਹਾਇਤਾ ਹਾਸਲ ਕਰਨ ਦਾ ਸੁਨੇਹਾ ਦਿੱਤਾ।
ਸਾਈਬਰ ਸੁਰੱਖਿਆ ਤੇ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ
ਇਸ ਮੌਕੇ ਐਡਵੋਕੇਟ ਆਸ਼ੀਸ਼ ਗੋਇਲ, ਸਾਈਬਰ ਸੈੱਲ ਦੇ ਅਧਿਕਾਰੀ ਅਸ਼ਵਨੀ ਮਹਿਤਾ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਤੋਂ ਨਿਰਮਲ ਕੌਰ ਅਤੇ ਪੈਰਾ ਲੀਗਲ ਵਲੰਟੀਅਰ (ਪੀਐੱਲਵੀ) ਰਾਜ ਕੁਮਾਰ ਖੁਰਮੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਬੁਲਾਰਿਆਂ ਨੇ ਬੱਚਿਆਂ ਨੂੰ ਆਪਣੇ ਕਾਨੂੰਨੀ ਅਧਿਕਾਰਾਂ ਬਾਰੇ ਜਾਣਕਾਰੀ ਰੱਖਣ, ਸਿੱਖਿਆ ਦੇ ਮਹੱਤਵ ਨੂੰ ਸਮਝਣ ਅਤੇ ਕਾਨੂੰਨੀ ਸਮੱਸਿਆ ਆਉਣ 'ਤੇ ਸਹੀ ਮਾਰਗਦਰਸ਼ਨ ਲੈਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਨੇ ਇੰਟਰਨੈੱਟ ਅਤੇ ਡਿਜ਼ੀਟਲ ਮਾਧਿਅਮਾਂ ਦੀ ਵਰਤੋਂ ਸਮੇਂ ਸਾਈਬਰ ਸੁਰੱਖਿਆ ਸਬੰਧੀ ਸਾਵਧਾਨੀਆਂ ਵਰਤਣ ਅਤੇ ਬੱਚਿਆਂ ਦੀ ਸੁਰੱਖਿਆ ਨਾਲ ਜੁੜੇ ਅਹਿਮ ਪਹਿਲੂਆਂ ਬਾਰੇ ਵੀ ਜਾਣੂ ਕਰਵਾਇਆ। ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਲੋੜ ਪੈਣ 'ਤੇ ਮੁਫ਼ਤ ਕਾਨੂੰਨੀ ਸਹਾਇਤਾ ਲੈਣ ਲਈ ਟੋਲ ਫ੍ਰੀ ਹੈਲਪਲਾਈਨ ਨੰਬਰ 15100 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸਕੂਲ ਸਟਾਫ਼ ਨੇ ਪਾਇਆ ਅਹਿਮ ਯੋਗਦਾਨ
ਸਮਾਗਮ ਦੀ ਸ਼ੁਰੂਆਤ ਮੌਕੇ ਲੈਕਚਰਾਰ ਮਾਲਵਿੰਦਰ ਸਿੰਘ ਤੂਰ ਅਤੇ ਅੰਗਰੇਜ਼ੀ ਦੇ ਲੈਕਚਰਾਰ ਤਨਵੰਤ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰੋਗਰਾਮ ਦੇ ਸੁਚੱਜੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਸਿਕੰਦਰ ਸਿੰਘ ਨੇ ਨਿਭਾਈ, ਜਦਕਿ ਅਨੀਤਾ ਬਾਂਸਲ, ਸੁਖਦੀਪ ਕੌਰ ਅਤੇ ਹੋਰ ਸਟਾਫ਼ ਮੈਂਬਰਾਂ ਨੇ ਵਿਦਿਆਰਥੀਆਂ ਦੀਆਂ ਸਕਿੱਟਾਂ ਦੀ ਤਿਆਰੀ ਵਿੱਚ ਯੋਗਦਾਨ ਪਾਇਆ।
ਅਖੀਰ ਵਿੱਚ ਸਕੂਲ ਮੁਖੀ ਮਨਜੀਤ ਸਿੰਘ ਨੇ ਮਹਿਮਾਨਾਂ ਅਤੇ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਤੇ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਕਰਨ ਵਿੱਚ ਸਹਾਇਕ ਸਿੱਧ ਹੁੰਦੇ ਹਨ।