- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਛਪਾਰ ਮੇਲੇ ਦੀ ਕਾਨਫਰੰਸ 2027 ਦਾ ਮੁੱਢ ਬੰਨ੍ਹੇਗੀ :ਲਸੋਈ

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ,
ਮਾਲੇਰਕੋਟਲਾ : ਅਕਾਲੀ ਦਲ ਵਾਰਸ ਪੰਜਾਬ ਵੱਲੋਂ 26 ਸਤੰਬਰ ਨੂੰ ਛਪਾਰ ਮੇਲੇ ਵਿੱਚ ਕੀਤੀ ਜਾ ਰਹੀ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਮਾਲੇਰਕੋਟਲਾ ਵਿੱਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਲਸੋਈ ਦੀ ਅਗਵਾਈ ਹੇਠ ਮੀਟਿੰਗ ਹੋਈ। ਇਸ ਵਿੱਚ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕਰਦਿਆਂ ਕਾਨਫਰੰਸ ਨੂੰ ਸਫਲ ਬਣਾਉਣ ਲਈ ਵਿਚਾਰ-ਵਟਾਂਦਰਾ ਕੀਤਾ।
ਬਲਜਿੰਦਰ ਸਿੰਘ ਲਸੋਈ ਨੇ ਦੱਸਿਆ ਕਿ ਛਪਾਰ ਮੇਲੇ ਵਿੱਚ ਹੋਣ ਵਾਲੀ ਕਾਨਫਰੰਸ ਵਿੱਚ ਉਮੜ ਰਿਹਾ ਲੋਕਾਂ ਦਾ ਇਕੱਠ 2027 ਦਾ ਮੁੱਢ ਬੰਨ੍ਹੇਗੀ। ਉਹਨਾਂ ਕਿਹਾ ਕਿ ਇਸ ਕਾਨਫਰੰਸ ਵਿੱਚ ਪਾਰਟੀ ਦੇ ਸਰਪ੍ਰਸਤ ਬਾਪੂ ਤਰਸੇਮ ਸਿੰਘ, ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਹੋਰ ਸੀਨੀਅਰ ਆਗੂ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਕਾਨਫਰੰਸ ਦੌਰਾਨ ਪੰਜਾਬ ਦੇ ਮੌਜੂਦਾ ਹਾਲਾਤ, ਨੌਜਵਾਨਾਂ ਵਿੱਚ ਵਧ ਰਹੇ ਨਸ਼ਿਆਂ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਸੂਬੇ ਦੀ ਆਰਥਿਕ ਸਥਿਤੀ ਸਮੇਤ ਵੱਖ-ਵੱਖ ਮੁੱਦਿਆਂ ’ਤੇ ਪਾਰਟੀ ਦਾ ਪੱਖ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਸੋਚ ਅਨੁਸਾਰ ਪੰਜਾਬ ਦੇ ਹੱਕਾਂ ਅਤੇ ਸਿੱਖ ਮਸਲਿਆਂ ਨੂੰ ਅਣ ਦੇਖਿਆ ਕੀਤਾ ਜਾ ਰਿਹਾ ਹੈ। ਜਦੋਂ ਕਿ ਖਾਲਸਾ ਹੁਰਾਂ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਗੁਰਸਿੱਖੀ ਨਾਲ ਜੋੜਨ ਦਾ ਬੀੜਾ ਚੁੱਕਿਆ ਸੀ ਜੋ ਸਮੇਂ ਦੇ ਹਾਕਮ ਨੂੰ ਹਜ਼ਮ ਨਹੀਂ ਆਇਆ। ਲਸੋਈ ਨੇ ਕਿਹਾ ਕਿ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦਾ ਮੁੱਦਾ ਵੀ ਕਾਨਫਰੰਸ ਵਿੱਚ ਵਿਚਾਰੇ ਜਾਣ ਦੀ ਗੱਲ ਆਖੀ।
ਉਹਨਾਂ ਕਿਹਾ ਕਿ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਅਤੇ ਸੂਬੇ ਦੇ ਭਵਿੱਖ ਨਾਲ ਜੁੜੇ ਮੁੱਦਿਆਂ ਬਾਰੇ ਕਾਨਫਰੰਸ ਵਿੱਚ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਤੋਂ ਇਲਾਵਾ ਆਮ ਲੋਕਾਂ ਨੂੰ ਵੀ 26 ਸਤੰਬਰ ਨੂੰ ਛਪਾਰ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਡਾ. ਮੇਹਰਦੀਨ, ਸਮਸੂਦੀਨ ਚੌਧਰੀ, ਲਿਆਸ ਜੁਬੈਰੀ, ਮੁਅੱਜਮ ਅਲੀ, ਜਗਸੀਰ ਢਿੱਲੋਂ ਹਾਜ਼ਰ ਸਨ।