ਪਿੰਡ ਜਨਾਲ ਨੂੰ ₹2.17 ਕਰੋੜ ਦੇ ਵਿਕਾਸ ਕਾਰਜਾਂ ਦੀ ਸੌਗਾਤ! ਹਰਪਾਲ ਸਿੰਘ ਚੀਮਾ ਨੇ ਨਵੀਆਂ ਸੜਕਾਂ ਤੇ ਇਮਾਰਤਾਂ ਦਾ ਕੀਤਾ ਉਦਘਾਟਨ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪਿੰਡ ਜਨਾਲ ਅੰਦਰ ਬਣੀਆਂ ਸੜਕਾਂ, ਪੰਚਾਇਤ ਘਰ ਅਤੇ ਸਿਹਤ ਕੇਂਦਰ ਦਾ ਉਦਘਾਟਨ ਕੀਤਾ। ਵਿੱਤ ਮੰਤਰੀ ਚੀਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿੰਡ ਜਨਾਲ ਤੋਂ ਤੂਰਬੰਜਾਰਾ ਤੱਕ ਕਰੀਬ ਦੋ ਕਿਲੋਮੀਟਰ ਦੀ ਨਵੀਂ ਸੜਕ ਬਣਾਈ ਗਈ ਹੈ ਜਿਸ ਉਤੇ 80 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਹੈ।
Publish Date: Sat, 28 Nov 2026 03:44 PM (IST)
Updated Date: Sat, 28 Nov 2026 03:45 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ - ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪਿੰਡ ਜਨਾਲ ਅੰਦਰ ਬਣੀਆਂ ਸੜਕਾਂ, ਪੰਚਾਇਤ ਘਰ ਅਤੇ ਸਿਹਤ ਕੇਂਦਰ ਦਾ ਉਦਘਾਟਨ ਕੀਤਾ। ਵਿੱਤ ਮੰਤਰੀ ਚੀਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿੰਡ ਜਨਾਲ ਤੋਂ ਤੂਰਬੰਜਾਰਾ ਤੱਕ ਕਰੀਬ ਦੋ ਕਿਲੋਮੀਟਰ ਦੀ ਨਵੀਂ ਸੜਕ ਬਣਾਈ ਗਈ ਹੈ ਜਿਸ ਉਤੇ 80 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਹੈ।
ਇਸ ਦੇ ਨਾਲ ਹੀ ਜਨਾਲ ਤੋਂ ਕੈਂਪਰ ਤੱਕ ਬਣਨ ਵਾਲੀ ਸੜਕ ਉੱਤੇ 77 ਲੱਖ ਖਰਚ ਕੀਤਾ ਗਿਆ ਹੈ। ਇਹਨਾਂ ਸੜਕਾਂ ਦੇ ਬਣਨ ਨਾਲ ਪਿੰਡ ਤੂਰਬੰਜਾਰਾ ਤੋਂ ਨੈਸ਼ਨਲ ਹਾਈਵੇ ਤੋਂ ਚੱਲ ਕੇ ਪਿੰਡ ਜਨਾਲ ਤੱਕ ਨਵੀਂ ਸੜਕ ਬਣਾਈ ਗਈ ਹੈ ਅਤੇ ਇਸ ਤੋਂ ਬਾਅਦ ਜਨਾਲ ਤੋਂ ਕੈਂਪਰ ਤੱਕ ਵੀ ਨਵੀਂ ਸੜਕ ਬਣਾਈ ਗਈ ਹੈ। ਇਹਨਾਂ ਸੜਕਾਂ ਦੇ ਬਣਨ ਨਾਲ ਜਿੱਥੇ ਨੈਸ਼ਨਲ ਹਾਈਵੇ ਤੇ ਵਧੀ ਹੋਈ ਟਰੈਫਿਕ ਤੋਂ ਪਿੰਡ ਦੇ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਇਸ ਦੇ ਨਾਲ ਹੀ ਉਹਨਾਂ ਦਾ ਪੈਂਡਾ ਵੀ ਘਟ ਜਾਵੇਗਾ ਜਿਸ ਨਾਲ ਪੈਸਾ ਅਤੇ ਸਮਾਂ ਬਚੇਗਾ। ਇਸ ਦੇ ਨਾਲ ਹੀ ਪਿੰਡ ਤੇ ਪੰਚਾਇਤ ਘਰ ਦਾ ਵੀ ਉਦਘਾਟਨ ਕੀਤਾ ਗਿਆ ਜੋ ਕਿ 25 ਲੱਖ ਦੀ ਲਾਗਤ ਨਾਲ ਬਣ ਕੇ ਤਿਆਰ ਹੋਇਆ ਹੈ।
ਇਸ ਤੋਂ ਇਲਾਵਾ 35 ਲੱਖ ਦੀ ਲਾਗਤ ਨਾਲ ਬਣਿਆ ਸਿਹਤ ਕੇਂਦਰ ਵੀ ਅੱਜ ਲੋਕਾਂ ਦੇ ਹਵਾਲੇ ਕੀਤਾ ਗਿਆ। ਉਹਨਾਂ ਕਿਹਾ ਕਿ ਹਲਕਾ ਦਿੜਬਾ ਦੇ ਅੰਦਰ ਸ਼ਾਇਦ ਹੀ ਕੋਈ ਇਹੋ ਜਿਹਾ ਕੱਚਾ ਰਸਤਾ ਬਚਿਆ ਹੋਵੇ ਜੋ ਇੱਕ ਤੋਂ ਦੂਜੇ ਪਿੰਡ ਨੂੰ ਜੋੜਦਾ ਹੋਵੇ ਨਹੀਂ ਤਾਂ ਪੰਚਾਇਤ ਅਤੇ ਲੋਕਾਂ ਦੀ ਸਲਾਹ ਦੇ ਨਾਲ ਸਾਰੇ ਹੀ ਰਸਤੇ ਪੱਕੇ ਕਰ ਦਿੱਤੇ ਗਏ ਹਨ। ਉਹਨਾਂ ਇਹ ਵੀ ਕਿਹਾ ਕਿ ਹਲਕਾ ਦਿੜ੍ਹਬਾ ਦੇ ਅੰਦਰ ਵਿਕਾਸ ਕਾਰਜਾਂ ਲਈ ਜਿੰਨੀ ਰਾਸ਼ੀ ਆਮ ਆਦਮੀ ਪਾਰਟੀ ਨੇ ਹੁਣ ਤੱਕ ਖਰਚ ਕੀਤੀ ਹੈ ਇਹ ਰਾਸ਼ੀ ਪਿਛਲੀਆਂ ਸਰਕਾਰਾਂ ਵੱਲੋਂ ਖਰਚ ਕੀਤੀ ਗਈ ਰਾਸ਼ੀ ਤੋਂ ਕਈ ਗੁਣ ਜਿਆਦਾ ਹੈ ਕਿਉਂਕਿ 1977 ਦੇ ਵਿੱਚ ਇਹ ਹਲਕਾ ਹੋਂਦ ਵਿੱਚ ਆਇਆ ਸੀ ਤੇ ਉਸ ਤੋਂ ਬਾਅਦ ਇਸ ਹਲਕੇ ਦੇ ਉੱਤੇ ਇੱਕ ਪਿਛੜੇ ਹੋਏ ਹਲਕੇ ਦਾ ਲੇਵਲ ਲੱਗ ਗਿਆ ਸੀ ਪਰ ਇਸ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਇਹ ਹਲਕਾ ਪੰਜਾਬ ਦਾ ਇੱਕ ਸਭ ਤੋਂ ਅਗਾਂਹ ਵਧੂ ਹਲਕਾ ਬਣ ਕੇ ਸਾਹਮਣੇ ਆ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਹਲਕੇ ਤੇ ਲੱਗਿਆ ਹੋਇਆ ਪਿਛੜੇਪਨ ਦਾ ਦਾਗ ਧੋ ਦਿੱਤਾ ਗਿਆ ਹੈ ਅਤੇ ਲੋਕਾਂ ਦੀ ਰਾਏ ਦੇ ਨਾਲ ਵਿਕਾਸ ਕਾਰਜਾਂ ਉੱਤੇ ਪੈਸੇ ਖਰਚ ਕੀਤੇ ਗਏ ਹਨ। ਪਿੰਡਾਂ ਵਿੱਚ ਨੌਜਵਾਨਾਂ ਦੇ ਖੇਡਣ ਲਈ ਸਟੇਡੀਅਮ ਬਣਾਏ ਗਏ ਹਨ ਦਿੜਬਾ ਦੇ ਅੰਦਰ ਭੀਮ ਰਾਓ ਅੰਬੇਦਕਰ ਕਮਿਊਨਿਟੀ ਹਾਲ ਬਣਾਇਆ ਗਿਆ ਹੈ ਇਸ ਦੇ ਨਾਲ ਹੀ ਇੱਕ ਸਬ ਡਿਵੀਜ਼ਨ ਸ਼ਾਨਦਾਰ ਕੰਪਲੈਕਸ ਬਣਾ ਕੇ ਵੀ ਲੋਕਾਂ ਦੇ ਹਵਾਲੇ ਕੀਤੀ ਗਈ ਹੈ। ਉਹਨਾਂ ਕਿਹਾ ਕਿ ਦਿੜਬਾ ਦੇ ਅੰਦਰ ਬਣ ਰਿਹਾ ਇੰਡੋਰ ਸਟੇਡੀਅਮ ਕੁਝ ਹੀ ਦਿਨਾਂ ਦੇ ਵਿੱਚ ਲੋਕ ਅਰਪਣ ਕਰ ਦਿੱਤਾ ਜਾਵੇਗਾ। ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ, ਪਿੰਡ ਦੀ ਪੂਰੀ ਪੰਚਾਇਤ ਅਤੇ ਪਿੰਡ ਵਾਸੀ ਹਾਜ਼ਰ ਸਨ।