ਕਿਸ਼ੋਰ ਮਕਵਾਨਾ ਵਲੋਂ ਸਫ਼ਾਈ ਕਰਮਚਾਰੀਆਂ ਨਾਲ ਮੁਲਾਕਾਤ ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਪਰਸਨ ਵਲੋਂ ਸਫ਼ਾਈ ਕਰਮਚਾਰੀਆਂ ਨਾਲ ਮੁਲਾਕਾਤ
Publish Date: Wed, 05 Aug 2026 07:01 PM (IST)
Updated Date: Thu, 06 Aug 2026 04:02 AM (IST)
:: ਸੀਨੀਅਰ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ, ਮਾਮਲੇ ਦੀ ਵਿਸਥਾਰਿਤ ਰਿਪੋਰਟ ਮੰਗੀ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਪਰਸਨ ਕਿਸ਼ੋਰ ਮਕਵਾਨਾ ਬਰਨਾਲਾ ਪੁੱਜੇ ਤੇ ਸਫਾਈ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮਗਰੋਂ ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਸੀਨੀਅਰ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਮਾਮਲੇ ਦੀ ਵਿਸਤ੍ਰਿਤ ਰਿਪੋਰਟ ਤਲਬ ਕੀਤੀ। ਚੇਅਰਪਰਸਨ ਕਿਸ਼ੋਰ ਮਕਵਾਨਾ ਨੇ ਏਥੇ ਪੱਤੀ ਰੋਡ ਵਿਖੇ ਵਿਕਰਮਜੀਤ ਵਿੱਕੀ (ਵਿੱਕੀ ਵਾਲਮੀਕਿ) ਦੇ ਘਰ ਪੁੱਜ ਕੇ ਪਿਛਲੇ ਦਿਨੀਂ ਲਾਠੀਚਾਰਜ ਦੌਰਾਨ ਜ਼ਖਮੀ ਹੋਏ ਸਫ਼ਾਈ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਬਰਨਾਲਾ ’ਚ ਪਿਛਲੇ ਦਿਨੀਂ ਵਾਪਰੀ ਘਟਨਾ ਬੇਹੱਦ ਨਿੰਦਣਯੋਗ ਹੈ ਜਿਸ ’ਚ ਜ਼ਖਮੀ ਹੋਏ ਪੀੜਤਾਂ ਨਾਲ ਅੱਜ ਮੁਲਾਕਾਤ ਕੀਤੀ ਗਈ ਹੈ ਤੇ ਪੀੜਤ ਮਹਿਲਾਵਾਂ ਦਾ ਵੀ ਹਾਲ ਜਾਣਿਆ ਹੈ। ਉਨ੍ਹਾਂ ਕਿਹਾ ਕਿ ਉਹ ਜ਼ਮੀਨੀ ਪੱਧਰ ਤੇ ਮਾਮਲੇ ਦੀ ਰਿਪੋਰਟ ਲੈਣ ਲਈ ਅੱਜ ਵਿਸ਼ੇਸ਼ ਤੌਰ ਤੇ ਪੁੱਜੇ ਹਨ। ਇਸ ਮੌਕੇ ਵਾਲਮੀਕਿ ਭਾਈਚਾਰੇ ਤੋਂ ਵਿਕਰਮਜੀਤ ਵਿੱਕੀ ਨੇ ਦਸਿਆ ਕਿ ਸਫ਼ਾਈ ਕਰਮਚਾਰੀਆਂ ਵਲੋਂ ਧਰਨਾ ਖਤਮ ਕਰ ਦਿੱਤਾ ਗਿਆ ਹੈ। ਇਸ ਮੌਕੇ ਕਿਸ਼ੋਰ ਮਕਵਾਨਾ ਨੇ ਜ਼ਖਮੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀਆਂ ਨਾਲ ਵਧੀਕੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੀੜਤਾਂ ਦੀਆਂ ਜਾਇਜ਼ਾ ਮੰਗਾਂ ਪੂਰੀਆਂ ਕਰਵਾਉਣ ਤੇ ਪੀੜਤਾਂ ਨੂੰ ਪੂਰਾ ਇਨਸਾਫ਼ ਦਿਵਾਉਣ ਲਈ ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮਗਰੋਂ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਪਰਸਨ ਕਿਸ਼ੋਰ ਮਕਵਾਨਾ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਸਪੈਸ਼ਲ ਡੀਆਈਜੀ (ਮਨੁੱਖੀ ਅਧਿਕਾਰਾਂ) ਨਰੇਸ਼ ਅਰੋੜਾ, ਡੀਆਈਜੀ (ਪਟਿਆਲਾ ਰੇਂਜ) ਕੁਲਦੀਪ ਚਹਿਲ, ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਐੱਸ ਐੱਸ ਪੀ ਮੁਹੰਮਦ ਸਰਫਰਾਜ਼ ਆਲਮ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਸਮਾਂਬੱਧ ਪੜਤਾਲ ਲਈ ਐੱਸਆਈਟੀ ਦਾ ਗਠਨ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਸਬੰਧਤ ਡੀਐਸਪੀ ਨੂੰ ਮੁਅੱਤਲ ਕੀਤਾ ਜਾ ਚੁੱਕਿਆ ਹੈ ਤੇ ਐੱਸਐਚਓ ਨੂੰ ਤਬਦੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜ਼ਖਮੀਆਂ ਨੂੰ ਢੁਕਵੀਂ ਮੈਡੀਕਲ ਤੇ ਵਿੱਤੀ ਸਹਾਇਤਾ ਦਿੱਤੀ ਗਈ ਹੈ। ਇਸ ਮੌਕੇ ਚੇਅਰਮੈਨ ਕਿਸ਼ੋਰ ਮਕਵਾਨਾ ਨੇ ਮਾਮਲੇ ਦੇ ਵੱਖ ਵੱਖ ਪਹਿਲੂਆਂ ਅਤੇ ਕਾਰਵਾਈ ਰਿਪੋਰਟ ਵਿਸਤ੍ਰਤ ਰੂਪ ਵਿਚ ਭੇਜਣ ਲਈ ਕਿਹਾ ਤਾਂ ਜੋ ਪੀੜਤਾਂ ਨੂੰ ਪੂਰਾ ਇਨਸਾਫ਼ ਮਿਲ ਸਕੇ। ਇਸ ਮੌਕੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਨਾਲ ਡਾਇਰੈਕਟਰ (ਨਾਰਥ ਜ਼ੋਨ) ਪਰਮਿੰਦਰ ਸਿੰਘ, ਡਿਪਟੀ ਡਾਇਰੈਕਟਰ ਡਾ. ਆਰ ਸਟਾਲਿਨ ਤੋਂ ਇਲਾਵਾ ਐਸਪੀਡੀ ਬਰਨਾਲਾ ਅਸ਼ੋਕ ਕੁਮਾਰ, ਸੀਆਈਏ ਸਟਾਫ਼ ਇੰਚਾਰਜ ਬਲਜੀਤ ਸਿੰਘ ਵੀ ਮੌਜੂਦ ਸਨ।