ਚੇਨ ਸਨੈਚਿੰਗ ਗਿਰੋਹ ਦਾ ਪਰਦਾਫ਼ਾਸ਼, ਮੋਗਾ ਦੇ ਚਾਰ ਮੁਲਜ਼ਮ ਗ੍ਰਿਫ਼ਤਾਰ ਚੇਨ ਸਨੈਚਿੰਗ ਗਿਰੋਹ ਦਾ ਪਰਦਾਫ਼ਾਸ਼, ਮੋਗਾ ਦੇ ਚਾਰ ਮੁਲਜ਼ਮ ਗ੍ਰਿਫ਼ਤਾਰ
Publish Date: Mon, 16 Nov 2026 05:43 PM (IST)
Updated Date: Mon, 16 Nov 2026 05:45 PM (IST)
ਸਵਿਫ਼ਟ ਡਿਜ਼ਾਇਰ ਕਾਰ, ਮੋਟਰਸਾਈਕਲ ਤੇ ਸੋਨੇ ਦਾ ਲਾਕਟ ਬਰਾਮਦ; ਪੰਜਵਾਂ ਮੁਲਜ਼ਮ ਵੀ ਨਾਮਜ਼ਦ ਐੱਸਐੱਸਪੀ ਖੱਖ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਅਤੇ ਸਨਮਾਨ ਪੁਲਿਸ ਦੀ ਸਰਵਉੱਚ ਤਰਜੀਹ ਸੱਤਪਾਲ ਸਿੰਘ ਕਾਲਾਬੂਲਾ/ ਰਹਿਮਾਨ, ਪੰਜਾਬੀ ਜਾਗਰਣ, ਮਾਲੇਰਕੋਟਲਾ : ਸਥਾਨਕ ਪੁਲਿਸ ਨੇ ਧੂਰੀ ਰੋਡ ’ਤੇ ਔਰਤ ਦੀ ਸੋਨੇ ਦੀ ਚੇਨ ਝਪਟਣ ਦੀ ਵਾਰਦਾਤ ਨੂੰ ਸੁਲਝਾਉਂਦਿਆਂ ਅੰਤਰ-ਜ਼ਿਲ੍ਹਾ ਚੇਨ ਸਨੈਚਿੰਗ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਜ਼ਿਲ੍ਹਾ ਮੋਗਾ ਨਾਲ ਸਬੰਧਤ ਹਨ। ਪੁਲਿਸ ਨੇ ਉਨ੍ਹਾਂ ਕੋਲੋਂ ਵਾਰਦਾਤ ਵਿੱਚ ਵਰਤੀ ਸਵਿਫ਼ਟ ਡਿਜ਼ਾਇਰ ਕਾਰ, ਮੋਟਰਸਾਈਕਲ ਅਤੇ ਸੋਨੇ ਦਾ ਲਾਕਟ ਬਰਾਮਦ ਕੀਤਾ ਹੈ, ਜਦਕਿ ਪੰਜਵੇਂ ਮੁਲਜ਼ਮ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਐੱਸਐੱਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਸੀਆਈਏ ਸਟਾਫ਼ ਮਾਹੋਰਾਣਾ ਦੀ ਟੀਮ ਨੇ ਇੰਸਪੈਕਟਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਐੱਸਪੀ ਇਨਵੈਸਟੀਗੇਸ਼ਨ ਰਮਨਦੀਪ ਸਿੰਘ ਭੁੱਲਰ ਅਤੇ ਡੀਐੱਸਪੀ ਇਨਵੈਸਟੀਗੇਸ਼ਨ ਦੀਪਇੰਦਰਪਾਲ ਸਿੰਘ ਦੀ ਨਿਗਰਾਨੀ ਹੇਠ ਕਾਰਵਾਈ ਕਰਦਿਆਂ ਕੁਝ ਹੀ ਦਿਨਾਂ ਵਿੱਚ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਨਿਰਮਲ ਸਿੰਘ, ਸੁਨੀਲ ਕੁਮਾਰ ਉਰਫ਼ ਸੰਨੀ, ਵਿਸ਼ਾਲ ਕੁਮਾਰ ਅਤੇ ਗੁਰਪ੍ਰੀਤ ਸਿੰਘ ਉਰਫ਼ ਕਾਕਾ ਵਜੋਂ ਹੋਈ ਹੈ। ਪੰਜਵੇਂ ਮੁਲਜ਼ਮ ਵਿਕਰਮਜੀਤ ਸਿੰਘ ਉਰਫ਼ ਵਿੱਕੀ ਉਰਫ਼ ਬੰਗਲਾ ਦੀ ਭਾਲ ਜਾਰੀ ਹੈ। ਪੁਲਿਸ ਅਨੁਸਾਰ 28 ਅਕਤੂਬਰ ਨੂੰ ਹਰਪ੍ਰੀਤ ਕੌਰ ਦੀ ਸ਼ਿਕਾਇਤ ’ਤੇ ਥਾਣਾ ਸਿਟੀ-1 ਮਾਲੇਰਕੋਟਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਦੀ ਸੋਨੇ ਦੀ ਚੇਨ ਧੂਰੀ ਰੋਡ ’ਤੇ ਗਊਸ਼ਾਲਾ ਨੇੜੇ ਝਪਟ ਲਈ ਗਈ ਸੀ। ਪੁਲਿਸ ਟੀਮਾਂ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਤਕਨੀਕੀ ਸਬੂਤਾਂ ਦੀ ਜਾਂਚ ਕਰਦਿਆਂ ਮੁਲਜ਼ਮਾਂ ਦੀ ਪੈੜ ਨੱਪੀ। ਸੂਚਨਾ ਦੇ ਆਧਾਰ ’ਤੇ ਮਾਲੇਰਕੋਟਲਾ-ਸੰਗਰੂਰ ਰੋਡ ’ਤੇ ਸਵਿਫ਼ਟ ਡਿਜ਼ਾਇਰ ਕਾਰ ਨੂੰ ਰੋਕ ਕੇ ਨਿਰਮਲ ਸਿੰਘ ਨੂੰ ਕਾਬੂ ਕੀਤਾ ਗਿਆ। ਉਸ ਦੀ ਪੁੱਛਗਿੱਛ ਤੋਂ ਬਾਅਦ ਬਾਕੀ ਤਿੰਨ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਨਿਰਮਲ ਸਿੰਘ ਦੇ ਖ਼ੁਲਾਸੇ ’ਤੇ ਮੋਗਾ ਦੀ ਐਪੈਕਸ ਕਾਲੋਨੀ ਸਥਿਤ ਉਸ ਦੇ ਕਿਰਾਏ ਦੇ ਮਕਾਨ ਵਿੱਚੋਂ ਸੋਨੇ ਦਾ ਲਾਕਟ ਬਰਾਮਦ ਕੀਤਾ ਗਿਆ। ਗੁਰਪ੍ਰੀਤ ਸਿੰਘ ਦੀ ਨਿਸ਼ਾਨਦੇਹੀ ’ਤੇ ਜਗਰਾਉਂ ਰੋਡ ਸਥਿਤ ਪ੍ਰੀਤ ਢਾਬੇ ਤੋਂ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ। ਮੁਲਜ਼ਮਾਂ ਅਨੁਸਾਰ ਵਾਰਦਾਤ ਦੌਰਾਨ ਮੋਟਰਸਾਈਕਲ ਦਾ ਪੈਟਰੋਲ ਖ਼ਤਮ ਹੋਣ ਕਾਰਨ ਉਸ ਨੂੰ ਉੱਥੇ ਛੱਡ ਦਿੱਤਾ ਗਿਆ ਸੀ। ਐੱਸਐੱਸਪੀ ਖੱਖ ਨੇ ਦੱਸਿਆ ਕਿ ਸਾਰੇ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੰਜਵੇਂ ਮੁਲਜ਼ਮ ਦੀ ਗ੍ਰਿਫ਼ਤਾਰੀ ਅਤੇ ਝਪਟੀ ਗਈ ਚੇਨ ਦੇ ਬਾਕੀ ਹਿੱਸੇ ਦੀ ਬਰਾਮਦਗੀ ਲਈ ਜਾਂਚ ਜਾਰੀ ਹੈ। ਪੁਲਿਸ ਨੂੰ ਪੁੱਛਗਿੱਛ ਦੌਰਾਨ ਹੋਰ ਅਹਿਮ ਖ਼ੁਲਾਸੇ ਅਤੇ ਬਰਾਮਦਗੀਆਂ ਹੋਣ ਦੀ ਵੀ ਉਮੀਦ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦੀ ਸੁਰੱਖਿਆ ਅਤੇ ਸਨਮਾਨ ਮਾਲੇਰਕੋਟਲਾ ਪੁਲਿਸ ਦੀ ਪਹਿਲੀ ਤਰਜੀਹ ਹੈ। ਕਿਸੇ ਵੀ ਜ਼ਿਲ੍ਹੇ ਤੋਂ ਆ ਕੇ ਮਾਲੇਰਕੋਟਲਾ ਵਿੱਚ ਅਪਰਾਧ ਕਰਨ ਵਾਲੇ ਵਿਅਕਤੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।