ਧਨੌਲਾ-ਕਾਲੇਕੇ ਰੋਡ ’ਤੇ ਕਾਰ ਪਲਟੀ, 4 ਜ਼ਖ਼ਮੀ ਧਨੌਲਾ-ਕਾਲੇਕੇ ਰੋਡ ’ਤੇ ਕਾਰ ਪਲਟੀ, ਚਾਰ ਜ਼ਖ਼ਮੀ
Publish Date: Sun, 27 Sep 2026 06:09 PM (IST)
Updated Date: Mon, 28 Sep 2026 04:04 AM (IST)
ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ ਧਨੌਲਾ-ਕਾਲੇਕੇ ਰੋਡ ’ਤੇ ਸ਼ਕਤੀ ਪੈਲੇਸ ਨੇੜੇ ਇੱਕ ਰਿਟਜ਼ ਕਾਰ ਸੰਤੁਲਨ ਵਿਗੜਨ ਕਾਰਨ ਪਲਟ ਗਈ। ਹਾਦਸੇ ’ਚ ਕਾਰ ਸਵਾਰ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਮਹਿਜ਼ 8 ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਕੇ ਰਾਹਤ ਕਾਰਜ ਸੰਭਾਲ ਲਏ। ਸਹਾਇਕ ਸਬ-ਇੰਸਪੈਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਹਾਦਸਾ ਸਵੇਰੇ 10:21 ਵਜੇ ਵਾਪਰਿਆ। ਐੱਮਡੀਟੀ ਡਿਵਾਈਸ ਰਾਹੀਂ ਸੂਚਨਾ ਮਿਲਣ ਉਪਰੰਤ ਐਸਐਸਐਫ਼ ਰੂਟ ਨੰਬਰ 88307 ਦੀ ਟੀਮ 10:29 ਵਜੇ ਹਾਦਸੇ ਵਾਲੀ ਥਾਂ ’ਤੇ ਪਹੁੰਚ ਗਈ। ਟੀਮ ਨੇ ਮੌਕੇ ’ਤੇ ਸਥਿਤੀ ਨੂੰ ਸੰਭਾਲਦਿਆਂ ਜ਼ਖ਼ਮੀਆਂ ਦੀ ਮਦਦ ਕੀਤੀ ਤੇ ਹਾਦਸਾਗ੍ਰਸਤ ਵਾਹਨ ਨੂੰ ਸੜਕ ਤੋਂ ਪਾਸੇ ਕਰਵਾਇਆ, ਜਿਸ ਨਾਲ ਆਵਾਜਾਈ ਨੂੰ ਸੁਚਾਰੂ ਬਣਾਉਣ ’ਚ ਮਦਦ ਮਿਲੀ। ਹਾਦਸੇ ’ਚ ਜਮੀਲ ਖ਼ਾਨ, ਮੁਸਕਾਨ ਬੇਗਮ, ਰਵੀਨਾ ਬੇਗਮ ਤੇ ਬੱਚਾ ਇਬਰਾਹਿਮ ਖ਼ਾਨ, ਵਾਸੀ ਕੋਟੜਾ, ਜ਼ਿਲ੍ਹਾ ਮਾਨਸਾ, ਜ਼ਖ਼ਮੀ ਹੋਏ। ਐੱਸਐੱਸਐੱਫ਼ ਟੀਮ ਦੀ ਮੌਜੂਦਗੀ ’ਚ ਦੋ ਔਰਤਾਂ ਨੂੰ ਪਬਲਿਕ ਵਾਹਨ ਰਾਹੀਂ ਸਿਵਲ ਹਸਪਤਾਲ ਧਨੌਲਾ ਪਹੁੰਚਾਇਆ ਗਿਆ। ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਅਗਲੇ ਇਲਾਜ ਲਈ ਏਮਜ਼ ਬਠਿੰਡਾ ਰੈਫਰ ਕਰ ਦਿੱਤਾ। ਹਾਦਸੇ ’ਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਰਾਹਤ ਕਾਰਜਾਂ ’ਚ ਸਹਾਇਕ ਸਬ-ਇੰਸਪੈਕਟਰ ਅਮਰੀਕ ਸਿੰਘ ਤੋਂ ਇਲਾਵਾ ਸਿਪਾਹੀ ਰਮਨਦੀਪ ਸਿੰਘ, ਐੱਲ/ਸੀਟੀ ਵੀਰਪਾਲ ਕੌਰ ਅਤੇ ਐੱਲ/ਸੀਟੀ ਜਸ਼ਨਦੀਪ ਕੌਰ ਨੇ ਅਹਿਮ ਭੂਮਿਕਾ ਨਿਭਾਈ। ਟੀਮ ਵੱਲੋਂ ਸੂਚਨਾ ਮਿਲਣ ਤੋਂ ਲੈ ਕੇ ਮੌਕੇ ’ਤੇ ਪਹੁੰਚਣ, ਜ਼ਖ਼ਮੀਆਂ ਦੀ ਮਦਦ ਕਰਨ ਅਤੇ ਵਾਹਨ ਨੂੰ ਸੜਕ ਤੋਂ ਹਟਵਾਉਣ ਤੱਕ ਕੀਤੀ ਗਈ ਤੁਰੰਤ ਕਾਰਵਾਈ ਨਾਲ ਰਾਹਤ ਅਤੇ ਆਵਾਜਾਈ ਪ੍ਰਬੰਧ ਜਲਦ ਸੰਭਾਲਿਆ ਗਿਆ।