ਕਾਰ ਟਰੱਕ ਨਾਲ ਟਕਰਾਈ, 4 ਜ਼ਖ਼ਮੀ
ਵਿਆਹ ਸਮਾਗਮ ਤੋਂ ਵਾਪਸ ਆਉਂਦੇ ਸਮੇਂ ਕਾਰ ਟਰੱਕ ਨਾਲ ਟਕਰਾਈ, ਚਾਰ ਜਖਮੀ
Publish Date: Tue, 17 Feb 2026 04:13 PM (IST)
Updated Date: Wed, 18 Feb 2026 04:01 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਘੜੈਲੀ ਚੌਕ ਨਜ਼ਦੀਕ ਕਾਰ ਤੇ ਟਰੱਕ ਦੀ ਟੱਕਰ ਦਰਮਿਆਨ ਕਾਰ ’ਚ ਸਵਾਰ ਪਰਿਵਾਰ ਦੇ ਚਾਰ ਜਣਿਆਂ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅਸ਼ੋਕ ਕੁਮਾਰ ਸ਼ਰਮਾ ਅਪਣੇ ਭਰਾ ਰਾਜੀਵ ਕੁਮਾਰ ਸ਼ਰਮਾ, ਪਤਨੀ ਮੀਨੂ ਕੁਮਾਰੀ ਅਤੇ ਪੁੱਤਰ ਵਿਵੇਕ ਸ਼ਰਮਾ ਨਾਲ ਨਾਭਾ ਤੋਂ ਇਕ ਵਿਆਹ ਸਮਾਗਮ ’ਚ ਸ਼ਾਮਲ ਹੋਣ ਤੋਂ ਬਾਅਦ ਬਠਿੰਡਾ ਵੱਲ ਵਾਪਸ ਪਰਤ ਰਿਹਾ ਸੀ। ਜਦੋਂ ਉਹ ਤਪਾ ਘੜੈਲੀ ਓਵਰਬ੍ਰਿਜ ਹੇਠਾਂ ਉਤਰ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਅੱਗੇ ਜਾ ਰਹੇ ਨਾ-ਮਾਲੂਮ ਟਰੱਕ ਨਾਲ ਟਕਰਾ ਗਈ। ਦੱਸਿਆ ਜਾ ਰਿਹਾ ਹੈ ਕਿ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਕਾਰ ਅਚਾਨਕ ਬੇਕਾਬੂ ਹੋ ਗਈ,ਜਿਸ ਨਾਲ ਇਹ ਹਾਦਸਾ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਸਵਾਰ ਚਾਰੇ ਜਣੇ ਗੰਭੀਰ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਗੁਰਬਖਸ਼ ਸਿੰਘ ਨੇ ਪ੍ਰਭਾਵਿਤ ਆਵਾਜਾਈ ਨੂੰ ਬਹਾਲ ਕਰਵਾਇਆ ਅਤੇ ਪੁਲਿਸ ਚੌਂਕੀ ਤਪਾ ਦੇ ਸਹਾਇਕ ਥਾਣੇਦਾਰ ਗੁਰਪਿਆਰ ਸਿੰਘ ਵੀ ਤੁਰੰਤ ਮੌਕੇ ’ਤੇ ਪਹੁੰਚ ਗਏ। ਮਿੰਨੀ ਸਹਾਰਾ ਕਲੱਬ ਦੀ ਐਂਬੂਲੈਂਸ ਰਾਹੀਂ ਜ਼ਖਮੀਆਂ ਨੂੰ ਤੁਰੰਤ ਬਠਿੰਡਾ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਾਦਸੇ ਦੇ ਸਹੀ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਹਾਦਸੇ ’ਚ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ।