- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਿਆਂ ਦੇ ਹੌਟਸਪੌਟਾਂ ਨੂੰ ਸੁਰੱਖਿਅਤ ਕੇਂਦਰਾਂ ’ਚ ਬਦਲਣ ਦੀ ਮੁਹਿੰਮ ਜਾਰੀ : ਡੀਸੀ ਤਿੜਕੇ

ਸੱਤਪਾਲ ਸਿੰਘ ਕਾਲਾਬੂਲਾ/ਲਾਡੇਵਾਲ, ਪੰਜਾਬੀ ਜਾਗਰਣ,
ਮਾਲੇਰਕੋਟਲਾ : ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਿਆਂ ਦੇ ਹੌਟਸਪੌਟ ਵਜੋਂ ਪਛਾਣੇ ਗਏ ਇਲਾਕਿਆਂ ਨੂੰ ਸੁਰੱਖਿਅਤ, ਸਾਫ਼-ਸੁਥਰਾ ਅਤੇ ਸਮਾਜਿਕ ਸਰਗਰਮੀਆਂ ਨਾਲ ਭਰਪੂਰ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸਾਂਝੇ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਕਾਰਜਾਂ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਵਿਰਾਜ ਐੱਸ. ਤਿੜਕੇ ਨੇ ਸਬੰਧਤ ਵਿਭਾਗਾਂ ਨੂੰ ਵਿਕਾਸ ਕਾਰਜ ਤੇਜ਼ੀ ਨਾਲ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਐੱਸਐੱਸਪੀ ਹਰਕਮਲ ਪ੍ਰੀਤ ਸਿੰਘ ਖੱਖ ਵੀ ਮੌਜੂਦ ਸਨ।
ਡੀਸੀ ਤਿੜਕੇ ਨੇ ਕਿਹਾ ਕਿ ਮੁਹਿੰਮ ਦਾ ਮਕਸਦ ਸਿਰਫ਼ ਇਲਾਕਿਆਂ ਦੀ ਦਿੱਖ ਬਦਲਣਾ ਨਹੀਂ, ਸਗੋਂ ਉੱਥੇ ਸਕਾਰਾਤਮਕ ਸਮਾਜਿਕ ਮਾਹੌਲ ਸਿਰਜਣਾ ਹੈ, ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਅਤੇ ਉਸਾਰੂ ਗਤੀਵਿਧੀਆਂ ਨਾਲ ਜੁੜਨ। ਉਨ੍ਹਾਂ ਮਾਲੇਰਕੋਟਲਾ, ਅਹਿਮਦਗੜ੍ਹ ਅਤੇ ਸੰਦੌੜ ਦੇ ਹੌਟਸਪੌਟ ਇਲਾਕਿਆਂ ਵਿੱਚ ਸਫ਼ਾਈ, ਝਾੜੀਆਂ ਦੀ ਕਟਾਈ, ਸਟਰੀਟ ਲਾਈਟਾਂ, ਸੀਸੀਟੀਵੀ ਕੈਮਰੇ ਲਗਾਉਣ, ਚਾਰਦੀਵਾਰੀ ਅਤੇ ਖੇਡ ਮੈਦਾਨਾਂ ਦੇ ਨਵੀਨੀਕਰਨ ਸਬੰਧੀ ਕੰਮਾਂ ਦੀ ਸਮੀਖਿਆ ਕੀਤੀ। ਉਨ੍ਹਾਂ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਤਰਜੀਹੀ ਆਧਾਰ ’ਤੇ ਮੁਕੰਮਲ ਕਰਨ ਲਈ ਕਿਹਾ। ਇਸ ਦੌਰਾਨ 30 ਬਿਸਤਰਿਆਂ ਵਾਲੇ ਨਸ਼ਾ ਛੁਡਾਊ ਕੇਂਦਰ ਦੀ ਸਮਰੱਥਾ ਅਤੇ ਇਲਾਜ ਸਹੂਲਤਾਂ ਦੀ ਬਿਹਤਰ ਵਰਤੋਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਐੱਸਐੱਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਨਸ਼ਾ ਤਸਕਰੀ ਵਿਰੁੱਧ ਪੁਲਿਸ ਦੀ ਜ਼ੀਰੋ ਟਾਲਰੈਂਸ ਨੀਤੀ ਜਾਰੀ ਹੈ। ਉਨ੍ਹਾਂ ਕਿਹਾ ਕਿ ਸਾਂਝੇ ਯਤਨਾਂ ਦਾ ਅਸਲ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਅਤੇ ਚੰਗੀਆਂ ਗਤੀਵਿਧੀਆਂ ਨਾਲ ਜੋੜਨਾ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਦਾ ਸਹਿਯੋਗ ਦੇਣ, ਤਾਂ ਜੋ ਮਾਲੇਰਕੋਟਲਾ ਨਸ਼ਾ ਮੁਕਤੀ ਅਤੇ ਸਮਾਜਿਕ ਭਾਈਵਾਲੀ ਦੀ ਮਿਸਾਲ ਬਣ ਸਕੇ।
ਮੀਟਿੰਗ ਵਿੱਚ ਐੱਸਡੀਐੱਮ ਕਨੂ ਗਰਗ, ਐੱਸਡੀਐੱਮ ਰਾਜੇਸ਼ ਕੁਮਾਰ ਸ਼ਰਮਾ, ਐੱਸਪੀ (ਡੀ) ਰਮਨਦੀਪ ਸਿੰਘ ਭੁੱਲਰ ਹਾਜ਼ਰ ਸਨ।