ਸੰਗਤਪੁਰਾ ’ਚ ਝੋਨੇ ਦੀਆਂ ਫਸਲਾਂ ਸਬੰਧੀ ਲੱਗਿਆ ਕੈਂਪ ਸੰਗਤਪੁਰਾ ’ਚ ਝੋਨੇ ਦੀਆਂ ਫਸਲਾਂ ਸਬੰਧੀ ਲੱਗਿਆ ਕੈਂਪ
Publish Date: Sat, 29 Aug 2026 03:54 PM (IST)
Updated Date: Sun, 30 Aug 2026 04:01 AM (IST)
ਪੋਟਾਸ਼ੀਅਮ ਨਾਈਟ੍ਰੇਟ ਦਾ ਛਿੜਕਾਅ ਝੋਨੇ ਦੇ ਦਾਣਿਆਂ ਲਈ ਲਾਹੇਵੰਦ: ਡਾ. ਗਰਗ ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਲਹਿਰਾਗਾਗਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀਆਂ ਹਦਾਇਤਾਂ ਅਨੁਸਾਰ ਪੀਏਯੂ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵੱਲੋਂ ਨੇੜਲੇ ਪਿੰਡ ਸੰਗਤਪੁਰਾ ਵਿਖੇ ਝੋਨੇ ਦੀ ਫ਼ਸਲ ਵਿੱਚੋਂ ਫੋਕ ਘਟਾਉਣ ਅਤੇ ਚੰਗਾ ਝਾੜ ਪ੍ਰਾਪਤ ਕਰਨ ਲਈ ਕੈਂਪ ਲਾਇਆ ਗਿਆ। ਇਸ ਕੈਂਪ ਦੌਰਾਨ ਕੇਂਦਰ ਦੇ ਇੰਚਾਰਜ ਅਤੇ ਸੀਨੀਅਰ ਪਸਾਰ ਵਿਗਿਆਨੀ ਡਾ. ਅਸ਼ੋਕ ਕੁਮਾਰ ਗਰਗ ਨੇ ਕਿਸਾਨਾਂ ਨੂੰ ਦੱਸਿਆ, ਕਿ ਝੋਨੇ ਦੇ ਗੋਭ ਵਿੱਚ ਆਉਣ ਸਮੇਂ ਖੁਰਾਕੀ ਤੱਤਾਂ ਦੀ ਘਾਟ ਨਾਲ ਦਾਣੇ ਖਾਲੀ ਅਤੇ ਹਲਕੇ ਰਹਿ ਜਾਂਦੇ ਹਨ। ਇਸ ਸਮੱਸਿਆ ਦੇ ਹੱਲ ਲਈ ਉਨ੍ਹਾਂ ਨੇ ਗੋਭ ਦੇ ਸਮੇਂ 1.5 ਫੀਸਦੀ ਪੋਟਾਸ਼ੀਅਮ ਨਾਈਟ੍ਰੇਟ (13:0:45) 3 ਕਿੱਲੋ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲੀਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਪੱਤਿਆਂ ਉੱਤੇ ਛਿੜਕਾਅ ਕਰਨ ਦੀ ਸਿਫ਼ਾਰਸ਼ ਕੀਤੀ ਅਤੇ ਕਿਸਾਨਾਂ ਨੂੰ ਪ੍ਰਦਰਸ਼ਨੀ ਵਜੋਂ ਇਹ ਤੱਤ ਵੀ ਉਪਲੱਬਧ ਕਰਵਾਇਆ। ਉਨ੍ਹਾਂ ਨੇ ਤਣੇ ਦੇ ਗੰਢੂਏ ਅਤੇ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਬਾਰੇ ਜਾਣਕਾਰੀ ਦਿੰਦਿਆਂ ਕੀਟਨਾਸ਼ਕਾਂ ਦੀ ਵਰਤੋਂ ਕੇਵਲ ਆਰਥਿਕ ਨੁਕਸਾਨ ਪੱਧਰ ਤੋਂ ਵੱਧ ਕੀੜੇ ਹੋਣ ਤੇ ਹੀ ਕਰਨ ਦੀ ਸਲਾਹ ਦਿੱਤੀ ਤਾਂ ਜੋ ਬੇਲੋੜੇ ਖਰਚੇ ਅਤੇ ਵਾਤਾਵਰਨ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਕਿਸਾਨਾਂ ਨੂੰ ਸਤੰਬਰ ਮਹੀਨੇ ਦੇ ਪੀਏਯੂ ਕਿਸਾਨ ਮੇਲਿਆਂ, ਪੇਂਡੂ ਬੱਚਿਆਂ ਲਈ ਕੋਰਸਾਂ ਅਤੇ ਸਰਦੀਆਂ ਦੀਆਂ ਸਬਜ਼ੀਆਂ ਦੀਆਂ ਕਿੱਟਾਂ ਬਾਰੇ ਜਾਣੂ ਕਰਵਾਇਆ ਗਿਆ। ਅੰਤ ਵਿੱਚ ਡਾ. ਗਰਗ ਨੇ ਕੱਦੂ ਵਾਲੇ ਅਤੇ ਸਿੱਧੇ ਬੀਜੇ ਝੋਨੇ ਦੇ ਖੇਤਾਂ ਦਾ ਦੌਰਾ ਕਰਕੇ ਤਕਨੀਕੀ ਸਲਾਹ ਦਿੱਤੀ। ਕੈਂਪ ਦੌਰਾਨ ਪਸ਼ੂਆਂ ਲਈ ਧਾਤਾਂ ਦਾ ਚੂਰਾ ਅਤੇ ਖੇਤੀ ਸਾਹਿਤ ਦੀ ਵਿਕਰੀ ਕੀਤੀ ਗਈ।ਇਸ ਕੈਂਪ ਨੂੰ ਸਫ਼ਲ ਬਣਾਉਣ ਵਿੱਚ ਸੁਖਤਾਰ ਸਿੰਘ, ਗੁਰਵਿੰਦਰ ਸਿੰਘ, ਗੋਬਿੰਦਰ ਸਿੰਘ, ਪ੍ਰਗਟ ਸਿੰਘ ਅਤੇ ਸ. ਜਗਸੀਰ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ।