- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਬਨਿਟ ਮੰਤਰੀ ਵੱਲੋਂ 18.09 ਕਰੋੜ ਰੁਪਏ ਦੇ ਸੜਕੀ ਅਤੇ ਪੁਲ ਪ੍ਰਾਜੈਕਟਾਂ ਦਾ ਉਦਘਾਟਨ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ
ਦਿੜ੍ਹਬਾ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿੰਡ ਮੁਨਸ਼ੀਵਾਲਾ ਸਮੇਤ ਹਲਕੇ ਦੀਆਂ ਵੱਖ-ਵੱਖ ਥਾਵਾਂ ਵਿਖੇ 18.09 ਕਰੋੜ ਰੁਪਏ ਦੀ ਲਾਗਤ ਵਾਲੇ ਸੱਤ ਸੜਕੀ ਪ੍ਰਾਜੈਕਟਾਂ ਅਤੇ ਇੱਕ ਉੱਚ ਪੱਧਰੀ ਪੁਲ ਦਾ ਉਦਘਾਟਨ ਕਰ ਕੇ ਇਲਾਕਾ ਵਾਸੀਆਂ ਨੂੰ ਵੱਡੀ ਸੌਗਾਤ ਦਿੱਤੀ। ਕੁੱਲ 23.90 ਕਿਲੋਮੀਟਰ ਲੰਬਾਈ ਦੀਆਂ ਇਨ੍ਹਾਂ ਸੜਕਾਂ ਅਤੇ ਪੁਲ ਨਾਲ ਹਲਕਾ ਦਿੜ੍ਹਬਾ ਦੀ ਸੜਕੀ ਸੰਪਰਕ ਵਿਵਸਥਾ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਪੇਂਡੂ ਸੜਕਾਂ ਦਾ ਮਜ਼ਬੂਤ ਜਾਲ ਕਿਸਾਨਾਂ, ਵਿਦਿਆਰਥੀਆਂ, ਕਾਰੋਬਾਰੀਆਂ ਅਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕਾਂ ਲਈ ਅਹਿਮ ਸਹੂਲਤ ਹੈ। ਉਨ੍ਹਾਂ ਦੱਸਿਆ ਕਿ ਸਮੂਰਾਂ ਤੋਂ ਸਿਹਾਲ ਤੱਕ ਫਿਰਨੀ ਸਮੇਤ 4.10 ਕਿਲੋਮੀਟਰ ਲੰਬੀ ਸੜਕ ਨੂੰ ਅਪਗ੍ਰੇਡ ਕਰਨ ਦੇ ਪ੍ਰਾਜੈਕਟ ਦੀ ਲਾਗਤ 4 ਕਰੋੜ 69 ਲੱਖ 47 ਹਜ਼ਾਰ ਰੁਪਏ ਹੈ। ਸਫ਼ੀਪੁਰ ਖੁਰਦ ਤੋਂ ਸਮੂਰਾਂ–ਸਿਹਾਲ 1.65 ਕਿਲੋਮੀਟਰ ਲੰਬੀ ਸੜਕ ਪ੍ਰੋਜੈਕਟ ਦੀ ਲਾਗਤ 72 ਲੱਖ 67 ਹਜ਼ਾਰ ਰੁਪਏ ਅਤੇ ਸਮੂਰਾਂ ਤੋਂ ਮੁਨਸ਼ੀਵਾਲਾ ਤੱਕ 1.65 ਕਿਲੋਮੀਟਰ ਲੰਬੀ ਸੜਕ ਦੀ ਉਸਾਰੀ ਦੀ ਲਾਗਤ 72 ਲੱਖ 67 ਹਜ਼ਾਰ ਰੁਪਏ ਹੈ। ਇਸੇ ਤਰ੍ਹਾਂ ਮੁਨਸ਼ੀਵਾਲਾ ਤੋਂ ਧਰਮਗੜ੍ਹ ਛੰਨਾ ਤੱਕ 3 ਕਿਲੋਮੀਟਰ ਲੰਬੀ ਸੜਕ ਦਾ ਪ੍ਰਾਜੈਕਟ 1 ਕਰੋੜ 32 ਲੱਖ 40 ਹਜ਼ਾਰ ਰੁਪਏ ਦਾ ਹੈ। ਉਨ੍ਹਾਂ ਦੱਸਿਆ ਕਿ ਉਦਘਾਟਨ ਕੀਤੇ ਪ੍ਰਾਜੈਕਟਾਂ ਵਿੱਚ ਸਿਹਾਲ ਵਿਖੇ ਜ਼ਿਲ੍ਹਾ ਹੱਦ ਤੋਂ ਬਾਹਮਣਮਾਜਰਾ ਤੱਕ 44 ਲੱਖ 3 ਹਜ਼ਾਰ ਰੁਪਏ ਦੀ ਲਾਗਤ ਵਾਲੀ 1 ਕਿਲੋਮੀਟਰ ਲੰਬੀ ਸੜਕ ਅਤੇ ਸਫ਼ੀਪੁਰ ਕਲਾਂ ਤੋਂ ਸਿਹਾਲ ਹੁੰਦੇ ਹੋਏ ਖੇੜੀ ਨਾਗਿਆਂ ਤੱਕ 2 ਕਰੋੜ 45 ਲੱਖ 70 ਹਜ਼ਾਰ ਰੁਪਏ ਦੀ ਲਾਗਤ ਵਾਲੀ 5 ਕਿਲੋਮੀਟਰ ਲੰਬੀ ਸੜਕ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਸਮੂਰਾਂ–ਸਿਹਾਲ ਸੜਕ ਤੋਂ ਕੜੈਲ ਅਤੇ ਮੁਨਸ਼ੀਵਾਲਾ ਰਾਹੀਂ ਦਿੜ੍ਹਬਾ ਤੱਕ 7.50 ਕਿਲੋਮੀਟਰ ਲੰਬੇ ਸੜਕੀ ਮਾਰਗ ਨੂੰ ਚੌੜਾ ਕਰਨ ਦਾ ਪ੍ਰਾਜੈਕਟ 5 ਕਰੋੜ 90 ਲੱਖ 63 ਹਜ਼ਾਰ ਰੁਪਏ ਦਾ ਹੈ।
ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸਿਹਾਲ ਤੋਂ ਬਾਹਮਣਮਾਜਰਾ ਸੜਕ ’ਤੇ ਚੋਅ ਉੱਪਰ 1 ਕਰੋੜ 81 ਲੱਖ ਰੁਪਏ ਦੀ ਲਾਗਤ ਨਾਲ ਮੁੜ ਉਸਾਰੇ ਗਏ ਉੱਚ ਪੱਧਰੀ ਪੁਲ ਦਾ ਵੀ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੱਤ ਸੜਕੀ ਪ੍ਰਾਜੈਕਟਾਂ ਦੀ ਕੁੱਲ ਲਾਗਤ 16 ਕਰੋੜ 27 ਲੱਖ 57 ਹਜ਼ਾਰ ਰੁਪਏ ਅਤੇ ਪੁਲ ਦੀ ਲਾਗਤ 1 ਕਰੋੜ 81 ਲੱਖ ਰੁਪਏ ਹੈ। ਇਸ ਤਰ੍ਹਾਂ ਕੁੱਲ 18 ਕਰੋੜ 8 ਲੱਖ 57 ਹਜ਼ਾਰ ਰੁਪਏ, ਭਾਵ ਲਗਭਗ 18.09 ਕਰੋੜ ਰੁਪਏ ਦੇ ਇਹ ਆਵਾਜਾਈ ਸਬੰਧੀ ਪ੍ਰਾਜੈਕਟ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਨਵੀਂ ਮਜ਼ਬੂਤੀ ਪ੍ਰਦਾਨ ਕਰਨਗੇ। ਇਸ ਦੇ ਨਾਲ-ਨਾਲ ਕੈਬਨਿਟ ਮੰਤਰੀ ਨੇ ਪਿੰਡ ਸਿਹਾਲ ਵਿਖੇ ਵਿਰਾਸਤੀ ਦਰਵਾਜ਼ੇ ਲਈ 10 ਲੱਖ ਦਾ ਚੈੱਕ ਪੰਚਾਇਤ ਨੂੰ ਸੌਂਪਿਆ ਅਤੇ ਪਿੰਡ ਦੀ ਸੋਸਾਇਟੀ ਵਿਖੇ ਆਏ ਸਬਸਿਡੀ ਵਾਲੇ ਖੇਤੀ ਸੰਦ ਲਾਭਪਾਤਰੀਆਂ ਨੂੰ ਸੌਂਪੇ ਅਤੇ ਕਿਸੇ ਵੀ ਹਾਲ ਪਰਾਲੀ ਨਾ ਸਾੜਨ ਦੀ ਅਪੀਲ ਵੀ ਕੀਤੀ।