- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਬਨਿਟ ਮੰਤਰੀ ਵੱਲੋਂ 613 ਘਰਾਂ ਪਰਿਵਾਰਾਂ ਨੂੰ ਵੰਡੇ ਪ੍ਰਾਪਰਟੀ ਕਾਰਡ

ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਜਿਨ੍ਹਾਂ ਘਰਾਂ ਵਿੱਚ ਪੀੜ੍ਹੀਆਂ ਨੇ ਜੀਵਨ ਬਿਤਾਇਆ ਹੋਵੇ, ਉਨ੍ਹਾਂ ਦੀ ਮਾਲਕੀ ਦਾ ਦਸਤਾਵੇਜ਼ ਹੱਥ ਵਿੱਚ ਆਉਣਾ ਪਰਿਵਾਰਾਂ ਲਈ ਸੁਰੱਖਿਆ, ਸਵੈਮਾਣ ਅਤੇ ਭਰੋਸੇ ਦਾ ਅਹਿਮ ਪਲ ਹੁੰਦਾ ਹੈ। ਪੰਜਾਬ ਸਰਕਾਰ ‘ਮੇਰਾ ਘਰ ਮੇਰੇ ਨਾਮ’ ਸਕੀਮ ਰਾਹੀਂ ਲੋਕਾਂ ਦੇ ਆਪਣੇ ਘਰ ਨਾਲ ਜੁੜੇ ਇਸ ਭਰੋਸੇ ਨੂੰ ਦਸਤਾਵੇਜ਼ੀ ਆਧਾਰ ਦੇ ਰਹੀ ਹੈ। ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹਲਕਾ ਲਹਿਰਾ ਦੇ ਪਿੰਡ ਰਾਮਪੁਰਾ ਜਵਾਹਰਵਾਲਾ ਵਿਖੇ 198 ਲਾਭਪਾਤਰੀ ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ ਵੰਡਣ ਮੌਕੇ ਕੀਤਾ। ਰਾਮਪੁਰਾ ਜਵਾਹਰਵਾਲਾ ਦੇ 198 ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ ਸੌਂਪਣ ਤੋਂ ਪਹਿਲਾਂ ਪਿੰਡ ਕੋਟੜਾ ਲੇਹਲ ਦੇ 327 ਅਤੇ ਆਲਮਪੁਰ ਦੇ 88 ਯੋਗ ਪਰਿਵਾਰਾਂ ਨੂੰ ਵੀ ਮਾਲਕੀ ਹੱਕਾਂ ਦੇ ਦਸਤਾਵੇਜ਼ ਦਿੱਤੇ ਗਏ। ਇਸ ਤਰ੍ਹਾਂ ਇਨ੍ਹਾਂ ਤਿੰਨਾਂ ਪਿੰਡਾਂ ਦੇ 613 ਪਰਿਵਾਰਾਂ ਨੂੰ ਸਕੀਮ ਦਾ ਲਾਭ ਮਿਲਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੇਂਡੂ ਖੇਤਰਾਂ ਵਿੱਚ ਲੰਮੇ ਸਮੇਂ ਤੋਂ ਆਪਣੇ ਘਰਾਂ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਮਾਲਕੀ ਹੱਕਾਂ ਦੇ ਦਸਤਾਵੇਜ਼ ਮੁਹੱਈਆ ਕਰਵਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਨੇਕਾਂ ਪਰਿਵਾਰਾਂ ਦਾ ਆਪਣੇ ਘਰਾਂ ਨਾਲ ਪੀੜ੍ਹੀਆਂ ਪੁਰਾਣਾ ਨਾਤਾ ਹੋਣ ਦੇ ਬਾਵਜੂਦ ਉਨ੍ਹਾਂ ਕੋਲ ਮਾਲਕੀ ਸਬੰਧੀ ਪੁਖ਼ਤਾ ਦਸਤਾਵੇਜ਼ ਨਹੀਂ ਸਨ। ਇਸ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਲੋਂ ਲੋੜੀਂਦੀ ਪ੍ਰਕਿਰਿਆ ਪੂਰੀ ਕਰਕੇ ਸਰਕਾਰੀ ਖ਼ਰਚੇ ’ਤੇ ਮਾਲਕੀ ਦਸਤਾਵੇਜ਼ ਤਿਆਰ ਕਰਵਾਏ ਜਾ ਰਹੇ ਹਨ।ਉਨਾਂ ਕਿਹਾ ਕਿ ਲੋਕ ਲੰਮੇ ਸਮੇਂ ਤੋਂ ਮਾਲਕੀ ਦਸਤਾਵੇਜ਼ਾਂ ਦੀ ਲੋੜ ਮਹਿਸੂਸ ਕਰ ਰਹੇ ਸਨ, ਪਰ ਪਿਛਲੀਆਂ ਸਰਕਾਰਾਂ ਨੇ ਇਸ ਮਸਲੇ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ। ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਕੀਮ ਨਾਲ ਸਬੰਧਤ ਕੰਮ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹੇ ਜਾਣ ਅਤੇ ਕਿਸੇ ਵੀ ਯੋਗ ਪਰਿਵਾਰ ਨੂੰ ਬੇਲੋੜੀ ਖੱਜਲ-ਖ਼ੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਲਾਭਪਾਤਰੀ ਪਰਿਵਾਰਾਂ ਨੂੰ ਵਧਾਈ ਦਿੰਦਿਆਂ ਮੰਤਰੀ ਗੋਇਲ ਨੇ ਅਪੀਲ ਕੀਤੀ ਕਿ ਉਹ ਆਪਣੇ ਪ੍ਰਾਪਰਟੀ ਕਾਰਡ ਸੰਭਾਲ ਕੇ ਰੱਖਣ। ਇਸ ਮੌਕੇ ਐਸਡੀਐਮ ਰਾਕੇਸ਼ ਪ੍ਰਕਾਸ਼ ਗਰਗ, ਓਐਸਡੀ ਰਕੇਸ਼ ਕੁਮਾਰ ਗੁਪਤਾ ਹਾਜ਼ਰ ਸਨ।