
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭੱਠਾ ਮਜ਼ਦੂਰਾਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਦਾ ਕੀਤਾ ਘਿਰਾਓ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ,
ਦਿੜ੍ਹਬਾ : ਭੱਠਾ ਮਜ਼ਦੂਰਾਂ ਦੇ ਬਣਦੇ ਕਾਨੂੰਨੀ ਹੱਕ ਅਤੇ ਸਰਕਾਰ ਵੱਲੋਂ ਨਿਰਧਾਰਤ ਉਜਰਤਾਂ ਲਾਗੂ ਕਰਵਾਉਣ ਲਈ ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ ਵੱਲੋਂ ਸੰਗਰੂਰ ਵਿਖੇ ਲਾਇਆ ਗਿਆ ਪੱਕਾ ਮੋਰਚਾ ਵੀਰਵਾਰ ਨੂੰ 52ਵੇਂ ਦਿਨ ਵਿੱਚ ਦਾਖਲ ਹੋ ਗਿਆ। ਇਸ ਮੌਕੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਨੀਟੂ ਕੋਟ ਧਰਮੂੰ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਭੱਠਾ ਮਜ਼ਦੂਰਾਂ ਨੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦੇ ਦਿੜ੍ਹਬਾ ਦਫ਼ਤਰ ਦਾ ਘਿਰਾਓ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਕਿਹਾ ਕਿ ਭੱਠਾ ਮਜ਼ਦੂਰਾਂ ਨੂੰ ਕਿਰਤ ਵਿਭਾਗ ਵੱਲੋਂ ਨਿਰਧਾਰਤ ਕਾਨੂੰਨੀ ਰੇਟ ਅਨੁਸਾਰ ਉਜਰਤਾਂ ਦਿਵਾਉਣ, ਲੰਘੇ ਸੀਜ਼ਨ ਦੀ ਬਣਦੀ ਬਕਾਇਆ ਉਜਰਤ ਦੀ ਭਰਪਾਈ ਕਰਵਾਉਣ ਅਤੇ ਆਉਣ ਵਾਲੇ ਸੀਜ਼ਨ ਲਈ ਸਰਕਾਰੀ ਰੇਟਾਂ ਦੀ ਲਿਖਤੀ ਪਾਲਣਾ ਯਕੀਨੀ ਬਣਾਉਣ ਦੀ ਮੰਗ ਨੂੰ ਲੈ ਕੇ ਮਜ਼ਦੂਰ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਭੱਠਿਆਂ ’ਤੇ ਸਾਫ਼ ਪੀਣ ਵਾਲਾ ਪਾਣੀ, ਸਿਹਤ ਤੇ ਸਫ਼ਾਈ ਸਹੂਲਤਾਂ, ਕੰਮ ਅਤੇ ਭੁਗਤਾਨ ਦਾ ਰਿਕਾਰਡ ਅਤੇ ਲਾਗੂ ਸਮਾਜਿਕ ਸੁਰੱਖਿਆ ਲਾਭ ਵੀ ਯਕੀਨੀ ਬਣਾਏ ਜਾਣ। ਆਗੂਆਂ ਨੇ ਕਿਹਾ ਕਿ ਕੋਡ ਆਫ ਵੇਜਿਜ਼ ਸਮੇਤ ਲਾਗੂ ਕਿਰਤ ਕਾਨੂੰਨਾਂ ਦੀ ਪਾਲਣਾ ਕਰਵਾਉਣਾ ਸਰਕਾਰ ਅਤੇ ਸਬੰਧਤ ਵਿਭਾਗ ਦੀ ਜ਼ਿੰਮੇਵਾਰੀ ਹੈ। ਆਗੂਆਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਮਜ਼ਦੂਰਾਂ ਵੱਲੋਂ ਕਿਰਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਸਬੰਧਤ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ। ਇਸ ਦੇ ਬਾਵਜੂਦ ਮਜ਼ਦੂਰਾਂ ਦੀਆਂ ਮੰਗਾਂ ਦਾ ਕੋਈ ਠੋਸ ਹੱਲ ਨਾ ਨਿਕਲਣ ਕਾਰਨ ਡੀਸੀ ਦਫ਼ਤਰ ਸੰਗਰੂਰ ਅੱਗੇ ਪੱਕਾ ਮੋਰਚਾ ਲਾਉਣਾ ਪਿਆ। ਘਿਰਾਓ ਉਪਰੰਤ ਪ੍ਰਸ਼ਾਸਨ ਵੱਲੋਂ ਸਕੱਤਰ ਮਾਰਕਿਟ ਕਮੇਟੀ ਜੁਗਨਪਰੀਤ ਸਿੰਘ, ਡੀਐੱਸਪੀ ਦਿੜਬਾ ਰੁਪਿੰਦਰ ਕੌਰ ਵੱਲੋਂ ਮਜ਼ਦੂਰਾਂ ਦਾ ਮੰਗ ਪੱਤਰ ਪ੍ਰਾਪਤ ਕੀਤਾ ਗਿਆ ਅਤੇ ਭਰੋਸਾ ਦਿੱਤਾ ਗਿਆ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਮੰਗਾਂ ’ਤੇ ਗੌਰ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਅਗਲੇ 2-4 ਦਿਨਾਂ ਅੰਦਰ ਸਰਕਾਰ ਅਤੇ ਕਿਰਤ ਵਿਭਾਗ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ 'ਤੇ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਵੱਡੀ ਗਿਣਤੀ ਵਿੱਚ ਭੱਠਾ ਮਜ਼ਦੂਰ ਇਕੱਠੇ ਹੋ ਕੇ ਹਲਕਾ ਦਿੜ੍ਹਬਾ ਦੇ ਪਿੰਡਾਂ ਵਿੱਚ ਰੋਸ ਮਾਰਚ ਕਰਨਗੇ।
ਇਸ ਮੌਕੇ ਯੂਸਫ਼ ਖ਼ਾਂ, ਪਰਗਟ ਸਿੰਘ, ਬਸ਼ੀਰ ਖ਼ਾਂ, ਛਿੰਦਰ ਸਿੰਘ, ਗੱਗੀ ਸਿੰਘ, ਰੁਲਦੂ ਸਿੰਘ, ਰਾਜੂ ਸਿੰਘ, ਸੀਰਾ ਸਿੰਘ, ਪਰਮਜੀਤ ਸਿੰਘ, ਬੀਰੂ ਸਿੰਘ, ਰਾਜਨ ਸਿੰਘ, ਗੀਤਾ ਸਿੰਘ, ਸੁਰਜੀਤ ਸਿੰਘ, ਬਿੰਦਰ ਸਿੰਘ, ਕਾਕਾ ਸਿੰਘ ਅਤੇ ਬਚਨ ਸਿੰਘ ਹਾਜ਼ਰ ਸਨ।