ਭਾਕਿਯੂ ਉਗਰਾਹਾਂ ਨੇ ਮਕਾਨ ਦਾ ਕਬਜ਼ਾ ਲੈਣ ਦੀ ਕਾਰਵਾਈ ਰੁਕਵਾਈ ਭਾਕਿਯੂ ਉਗਰਾਹਾਂ ਨੇ ਮਕਾਨ ਦਾ ਕਬਜ਼ਾ ਲੈਣ ਦੀ ਕਾਰਵਾਈ ਰੁਕਵਾਈ
Publish Date: Mon, 07 Sep 2026 06:14 PM (IST)
Updated Date: Tue, 08 Sep 2026 04:04 AM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਅਤੇ ਵਰਕਰਾਂ ਨੇ ਹਿਮਾਨੀ ਚਾਵਲਾ ਅਤੇ ਲੀਜਾ ਚਾਵਲਾ ਦੇ ਮਕਾਨ ਦਾ ਕਬਜ਼ਾ ਲੈਣ ਲਈ ਕੀਤੀ ਜਾ ਰਹੀ ਕਾਰਵਾਈ ਨੂੰ ਰੋਕ ਦਿੱਤਾ। ਯੂਨੀਅਨ ਦੇ ਬਲਾਕ ਮਾਲੇਰਕੋਟਲਾ ਦੇ ਪ੍ਰਧਾਨ ਚਰਨਜੀਤ ਸਿੰਘ ਹਥਨ ਦੀ ਅਗਵਾਈ ਹੇਠ ਕਿਸਾਨ-ਮਜ਼ਦੂਰ ਸਵੇਰ ਤੋਂ ਹੀ ਮਕਾਨ ਅੱਗੇ ਧਰਨਾ ਦੇ ਕੇ ਬੈਠੇ ਰਹੇ। ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਨੇ ਦੋਸ਼ ਲਾਇਆ ਕਿ ਇੰਡੀਅਨ ਬੈਂਕ ਦੀ ਮਾਲੇਰਕੋਟਲਾ ਸ਼ਾਖਾ ਵੱਲੋਂ ਮਕਾਨ ’ਤੇ ਕਬਜ਼ਾ ਲੈਣ ਦੀ ਕਾਰਵਾਈ ਕੀਤੀ ਜਾ ਰਹੀ ਹੈ, ਜਦਕਿ ਮਕਾਨ ਨਾਲ ਸਬੰਧਤ ਮਾਮਲਾ ਹਾਈ ਕੋਰਟ/ਡੀਆਰਟੀ ਵਿੱਚ ਵਿਚਾਰ ਅਧੀਨ ਹੈ। ਉਨ੍ਹਾਂ ਦੱਸਿਆ ਕਿ ਏਕਤਾ ਨਗਰ ਵਾਸੀ ਨਰੇਸ਼ ਕੁਮਾਰ ਪੁੱਤਰ ਲਛਮਣ ਦਾਸ ਨੇ ਸਾਲ 2016 ਵਿੱਚ ਬੈਂਕ ਤੋਂ ਕਰੀਬ 8.75 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਅਤੇ ਇਸ ਵਿੱਚੋਂ ਲਗਭਗ ਚਾਰ ਲੱਖ ਰੁਪਏ ਵਾਪਸ ਕੀਤੇ ਜਾ ਚੁੱਕੇ ਸਨ। ਅਪਰੈਲ 2021 ਵਿੱਚ ਨਰੇਸ਼ ਕੁਮਾਰ ਦੀ ਮੌਤ ਹੋ ਗਈ। ਉਨ੍ਹਾਂ ਅਨੁਸਾਰ ਨਰੇਸ਼ ਕੁਮਾਰ ਦੀ ਮੌਤ ਤੋਂ ਬਾਅਦ ਉਸ ਦੀ ਜਾਇਦਾਦ ਉਸ ਦੇ ਤਿੰਨ ਬੱਚਿਆਂ ਹਿਮਾਨੀ ਚਾਵਲਾ, ਲੀਜਾ ਚਾਵਲਾ ਅਤੇ ਹਰਸ਼ ਚਾਵਲਾ ਦੇ ਨਾਮ ਵਿਰਾਸਤ ਵਿੱਚ ਦਰਜ ਹੋ ਗਈ। ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਕਿ ਦੋਵੇਂ ਧੀਆਂ ਨੂੰ ਕਥਿਤ ਤੌਰ ’ਤੇ ਢੁੱਕਵਾਂ ਨੋਟਿਸ ਦਿੱਤੇ ਬਿਨਾਂ ਮਕਾਨ ਦੀ ਕੁਰਕੀ ਦੀ ਕਾਰਵਾਈ ਕੀਤੀ ਗਈ। ਕੁਲਵਿੰਦਰ ਸਿੰਘ ਭੂਦਨ ਨੇ ਦੋਸ਼ ਲਾਇਆ ਕਿ ਕਰੀਬ ਇੱਕ ਕਰੋੜ ਰੁਪਏ ਦੀ ਕੀਮਤ ਵਾਲੇ ਮਕਾਨ ਨੂੰ ਲਗਭਗ 18 ਲੱਖ ਰੁਪਏ ਵਿੱਚ ਵੇਚਣ ਦੀ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਹਿਮਾਨੀ ਚਾਵਲਾ ਅਤੇ ਲੀਜਾ ਚਾਵਲਾ ਵੱਲੋਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਹੈ ਅਤੇ ਬੈਂਕ ਦੀ ਕਾਰਵਾਈ ਖ਼ਿਲਾਫ਼ ਕੇਸ ਦਾਇਰ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਦਾਲਤੀ ਕਾਰਵਾਈ ਜਾਰੀ ਹੋਣ ਦੇ ਬਾਵਜੂਦ ਬੈਂਕ ਵੱਲੋਂ ਪੁਲੀਸ ਪ੍ਰਸ਼ਾਸਨ ਦੀ ਮਦਦ ਨਾਲ ਮਕਾਨ ਦਾ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਮੌਕੇ ਜ਼ਿਲ੍ਹਾ ਆਗੂ ਰਾਜਿੰਦਰ ਸਿੰਘ ਭੋਗੀਵਾਲ, ਰਵਿੰਦਰ ਸਿੰਘ ਕਾਸਮਪੁਰ, ਗੁਰਪ੍ਰੀਤ ਸਿੰਘ ਅਮਰਗੜ੍ਹ, ਬਲਾਕ ਆਗੂ ਗੁਰਪ੍ਰੀਤ ਸਿੰਘ ਹਥਨ, ਜਗਤਾਰ ਸਿੰਘ ਸਰੌਦ, ਮਹਿੰਦਰ ਸਿੰਘ ਭੁਰਥਲਾ, ਦਵਿੰਦਰ ਸਿੰਘ, ਪਰਮਜੀਤ ਸਿੰਘ ਜਾਮਾ, ਗੁਰਮੇਲ ਕੌਰ ਦੁੱਲਮਾਂ, ਗੁਰਮੀਤ ਕੌਰ ਕੁਠਾਲਾ ਅਤੇ ਹਰਜੀਤ ਕੌਰ ਹਥਨ ਹਾਜ਼ਰ ਸਨ।