- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਕੇਯੂ ਰਾਜੇਵਾਲ ਨੂੰ ਮਿਲਿਆ ਵੱਡਾ ਸਮਰਥਨ, 31 ਨੌਜਵਾਨ ਜਥੇਬੰਦੀ ’ਚ ਸ਼ਾਮਲ

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ
ਭਵਾਨੀਗੜ੍ਹ : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਭਵਾਨੀਗੜ੍ਹ ਦੀ ਮੀਟਿੰਗ ਪਿੰਡ ਆਲੋਅਰਖ ਦੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਹੋਈ। ਮੀਟਿੰਗ ਦੌਰਾਨ ਪਿੰਡ ਆਲੋਅਰਖ ਦੇ ਤਕਰੀਬਨ 31 ਨੌਜਵਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੈਂਬਰਸ਼ਿਪ ਹਾਸਲ ਕਰਦਿਆਂ ਜਥੇਬੰਦੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਨੌਜਵਾਨਾਂ ਦੇ ਇਸ ਫ਼ੈਸਲੇ ਨੂੰ ਜਥੇਬੰਦੀ ਲਈ ਵੱਡੇ ਸਮਰਥਨ ਵਜੋਂ ਦੇਖਿਆ ਜਾ ਰਿਹਾ ਹੈ।
ਜਥੇਬੰਦੀ ਵਿੱਚ ਸ਼ਾਮਲ ਹੋਏ ਨੌਜਵਾਨਾਂ ਨੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦੀ ਸੋਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਜਥੇਬੰਦੀ ਦਾ ਹਿੱਸਾ ਬਣ ਕੇ ਕਿਸਾਨੀ ਮਸਲਿਆਂ ਦੇ ਨਾਲ-ਨਾਲ ਸਮਾਜਿਕ ਕੁਰੀਤੀਆਂ ਖ਼ਿਲਾਫ਼ ਵੀ ਆਵਾਜ਼ ਬੁਲੰਦ ਕਰਨਗੇ। ਉਨ੍ਹਾਂ ਕਿਹਾ ਕਿ ਅੱਜ ਤੋਂ ਉਹ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੰਵਿਧਾਨ ਅੰਦਰ ਰਹਿ ਕੇ ਕਿਸਾਨੀ ਹੱਕਾਂ ਦੀ ਲੜਾਈ ਵਿੱਚ ਆਪਣਾ ਯੋਗਦਾਨ ਪਾਉਣਗੇ।
ਇਸ ਮੌਕੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਮਾਝਾ ਅਤੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਵੱਲੋਂ ਜਥੇਬੰਦੀ ਵਿੱਚ ਸ਼ਾਮਲ ਹੋਏ ਨੌਜਵਾਨਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਆਗੂਆਂ ਨੇ ਨੌਜਵਾਨਾਂ ਨੂੰ ਜਥੇਬੰਦੀ ਦੇ ਇਤਿਹਾਸ ਅਤੇ ਕਿਸਾਨੀ ਸੰਘਰਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੰਵਿਧਾਨ ਅਤੇ ਨਿਯਮਾਂ ਅਨੁਸਾਰ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਆਗੂਆਂ ਨੇ ਕਿਹਾ ਕਿ ਨੌਜਵਾਨਾਂ ਦਾ ਕਿਸਾਨੀ ਜਥੇਬੰਦੀ ਨਾਲ ਜੁੜਨਾ ਸ਼ੁਭ ਸੰਕੇਤ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਕਿਸਾਨੀ ਅਤੇ ਸਮਾਜ ਨਾਲ ਜੁੜੇ ਮਸਲਿਆਂ ਪ੍ਰਤੀ ਜਾਗਰੂਕ ਹੋ ਕੇ ਅੱਗੇ ਆਵੇ ਤਾਂ ਜਥੇਬੰਦੀ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਪਿੰਡ ਆਲੋਅਰਖ ਵੱਲੋਂ ਵੀ ਜਥੇਬੰਦੀ ਨੂੰ ਭਰਵਾਂ ਹੁੰਗਾਰਾ ਮਿਲਿਆ।
ਇਸ ਮੌਕੇ ਇਕਾਈ ਪ੍ਰਧਾਨ ਅਜਮੇਰ ਸਿੰਘ, ਕੁਲਵਿੰਦਰ ਸਿੰਘ ਫੌਜੀ, ਗੁਰਦੀਪ ਸਿੰਘ, ਹਰਬੰਸ ਸਿੰਘ ਫੌਜੀ, ਮੇਵਾ ਸਿੰਘ, ਕਾਕਾ ਸਿੰਘ, ਅਵਤਾਰ ਸਿੰਘ, ਦਰਸ਼ਨ ਸਿੰਘ, ਮੈਂਬਰ ਗੁਰਮੁੱਖ ਸਿੰਘ ਪ੍ਰਧਾਨ, ਰੋਹੀ ਸਿੰਘ, ਬਲਜਿੰਦਰ ਸਿੰਘ ਸੰਘਰੇੜੀ, ਯਾਦਵਿੰਦਰ ਸਿੰਘ ਘਰਾਚੋਂ, ਜਸਵਿੰਦਰ ਸਿੰਘ ਕਪਿਆਲ ਜਨਰਲ ਸਕੱਤਰ ਬਲਾਕ ਭਵਾਨੀਗੜ੍ਹ ਹਾਜ਼ਰ ਸਨ।