ਦੋਰਾਹਾ-ਬਠਿੰਡਾ ਬਰਾਂਚ ਨਹਿਰ ’ਚ ਵੱਡਾ ਪਾੜ ਦੋਰਾਹਾ-ਬਠਿੰਡਾ ਬਰਾਂਚ ਨਹਿਰ ’ਚ ਵੱਡਾ ਪਾੜ
Publish Date: Thu, 10 Sep 2026 06:09 PM (IST)
Updated Date: Fri, 11 Sep 2026 04:05 AM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ /ਸੰਦੌੜ : ਨੇੜਲੇ ਪਿੰਡ ਪੁਲ ਕਲਿਆਣ ਵਿਖੇ ਦੋਰਾਹਾ-ਬਠਿੰਡਾ ਬਰਾਂਚ ਨਹਿਰ ਵਿੱਚ ਵੀਰਵਾਰ ਸਵੇਰੇ ਅਚਾਨਕ ਵੱਡਾ ਪਾੜ ਪੈਣ ਕਾਰਨ ਇਲਾਕੇ ਵਿੱਚ ਭਾਜੜ ਮਚ ਗਈ। ਨਹਿਰ ਦਾ ਪਾਣੀ ਤੇਜ਼ੀ ਨਾਲ ਪਾੜ ਰਾਹੀਂ ਬਾਹਰ ਨਿਕਲਣ ਲੱਗਾ, ਜਿਸ ਕਾਰਨ ਆਸ-ਪਾਸ ਦੇ ਪਿੰਡਾਂ ਅਤੇ ਖੇਤਾਂ ਵਿੱਚ ਪਾਣੀ ਦਾਖਲ ਹੋਣ ਦਾ ਖ਼ਤਰਾ ਬਣ ਗਿਆ। ਸਵੇਰੇ ਕਰੀਬ ਸਾਢੇ ਛੇ ਵਜੇ ਨਹਿਰ ਵਿੱਚ ਪਾੜ ਪੈਣ ਦੀ ਸੂਚਨਾ ਮਿਲਦਿਆਂ ਹੀ ਪਿੰਡਾਂ ਵਿੱਚ ਅਨਾਊਂਸਮੈਂਟ ਕਰਵਾਈ ਗਈ। ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਤੁਰੰਤ ਮੌਕੇ ’ਤੇ ਇਕੱਠੇ ਹੋ ਗਏ। ਲੋਕਾਂ ਨੇ ਕਿਸੇ ਸਰਕਾਰੀ ਮਦਦ ਦੀ ਉਡੀਕ ਕੀਤੇ ਬਿਨਾਂ ਆਪਣੇ ਪੱਧਰ ’ਤੇ ਪਾੜ ਨੂੰ ਬੰਦ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ। ਪਾਣੀ ਦੇ ਤੇਜ਼ ਵਹਾਅ ਨੂੰ ਰੋਕਣ ਲਈ ਵੱਡੀ ਪੋਕਲੇਨ ਜੇਸੀਬੀ ਮੌਕੇ ’ਤੇ ਬੁਲਾਈ ਗਈ ਅਤੇ ਟਰਾਲਿਆਂ ਰਾਹੀਂ ਮਿੱਟੀ ਲਿਆ ਕੇ ਪਾੜ ਵਿੱਚ ਪਾਈ ਗਈ। ਇਸ ਤੋਂ ਇਲਾਵਾ ਲੋਕਾਂ ਵੱਲੋਂ ਮਿੱਟੀ ਦੀਆਂ ਬੋਰੀਆਂ ਅਤੇ ਹੋਰ ਸਾਧਨਾਂ ਦੀ ਮਦਦ ਨਾਲ ਪਾਣੀ ਦੇ ਵਹਾਅ ਨੂੰ ਕਾਬੂ ਕਰਨ ਲਈ ਲਗਾਤਾਰ ਮਿਹਨਤ ਕੀਤੀ ਗਈ। ਪਾੜ ਦੀ ਸਥਿਤੀ ਇੰਨੀ ਗੰਭੀਰ ਸੀ ਕਿ ਦੋ-ਤਿੰਨ ਵਾਰ ਬੰਦ ਕਰਨ ਦੀ ਕੋਸ਼ਿਸ਼ ਦੇ ਬਾਵਜੂਦ ਪਾਣੀ ਦੇ ਦਬਾਅ ਕਾਰਨ ਮੁੜ ਸਥਿਤੀ ਵਿਗੜਦੀ ਰਹੀ। ਮੌਕੇ ’ਤੇ ਸਰਪੰਚ ਰੇਸ਼ਮਪਾਲ ਸਿੰਘ ਮਹੌਲੀ, ਸਾਬਕਾ ਸਰਪੰਚ ਮਨਜੀਤ ਸਿੰਘ ਕਲਿਆਣ, ਸਰਪੰਚ ਬਾਰਾ ਸਿੰਘ ਕਲਿਆਣ, ਸਰਪੰਚ ਗੁਰਮੁਖ ਸਿੰਘ ਫਰਵਾਲੀ, ਜਥੇਦਾਰ ਹਰਦੇਵ ਸਿੰਘ ਪੱਪੂ ਕਲਿਆਣ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਮੋਹਤਬਰ ਹਾਜ਼ਰ ਰਹੇ। ਲੋਕਾਂ ਦੀ ਇਕਜੁੱਟਤਾ ਅਤੇ ਤੁਰੰਤ ਕੀਤੇ ਪ੍ਰਬੰਧਾਂ ਕਾਰਨ ਨਹਿਰ ਦਾ ਪਾਣੀ ਖੇਤਾਂ ਵਿੱਚ ਦਾਖਲ ਹੋਣ ਤੋਂ ਰੋਕਣ ਵਿੱਚ ਸਫਲਤਾ ਮਿਲੀ। ਇਲਾਕਾ ਵਾਸੀਆਂ ਅਨੁਸਾਰ ਜੇਕਰ ਸਮੇਂ ਸਿਰ ਵੱਡੀ ਗਿਣਤੀ ਵਿੱਚ ਲੋਕ ਮੌਕੇ ’ਤੇ ਨਾ ਪਹੁੰਚਦੇ ਤਾਂ ਪਾਣੀ ਪਿੰਡ ਕਲਿਆਣ, ਜਲਵਾਣਾ ਅਤੇ ਆਸ-ਪਾਸ ਦੇ ਖੇਤਰਾਂ ਦੇ ਖੇਤਾਂ ਵਿੱਚ ਦਾਖਲ ਹੋ ਕੇ ਫਸਲਾਂ ਦਾ ਭਾਰੀ ਨੁਕਸਾਨ ਕਰ ਸਕਦਾ ਸੀ। ਉਧਰ, ਇਲਾਕੇ ਵਿੱਚ ਚੱਲ ਰਹੀ ਚਰਚਾ ਮੁਤਾਬਕ ਵਣ ਵਿਭਾਗ ਦੀ ਜ਼ਮੀਨ ਨੂੰ ਪਾਣੀ ਲਗਾਉਣ ਲਈ ਨਹਿਰ ਦੇ ਹੇਠਾਂ ਪਾਈਪ ਪਾਈ ਗਈ ਸੀ। ਪਾਈਪ ਦੇ ਆਲੇ-ਦੁਆਲੇ ਮਿੱਟੀ ਖੁਰਨ ਕਾਰਨ ਨਹਿਰ ਦੀ ਪਟੜੀ ਕਮਜ਼ੋਰ ਹੋਣ ਅਤੇ ਇਸ ਕਾਰਨ ਪਾੜ ਪੈਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਹਾਲਾਂਕਿ ਪਾੜ ਪੈਣ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ। ਹਾਲ ਹੀ ਦੌਰਾਨ ਆਮ ਆਦਮੀ ਪਾਰਟੀ ਸ਼ਾਮਿਲ ਹੋਏ ਡਾ. ਗੁਲਜਾਰ ਮੁਹੰਮਦ ਨੇ ਵੀ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਥਾਣਾ ਸੰਦੌੜ ਦੇ ਐੱਸਐੱਚਓ ਸਈਅਦ ਸ਼ਕੀਲ ਵੱਲੋਂ ਪੁਲਿਸ ਪਾਰਟੀ ਭੇਜੀ ਗਈ, ਜਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕਰਨ ਵਿੱਚ ਸਹਿਯੋਗ ਦਿੱਤਾ।