- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਬਾ ਖੰਗੂੜਾ ਨੇ 'ਲੋੜਵੰਦ ਧੀਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਸੰਭਾਲੀ

ਮਹਾਂਵੀਰ ਗੋਇਲ, ਪੰਜਾਬੀ ਜਾਗਰਣ,
ਅਹਿਮਦਗੜ੍ਹ : ਧੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੀਆਂ ਹੋਣਹਾਰ ਧੀਆਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਦਾ ਮੌਕਾ ਦੇਣ ਦੇ ਉਦੇਸ਼ ਨਾਲ ਬੀਬਾ ਅਮਨਦੀਪ ਕੌਰ ਖੰਗੂੜਾ ਵੱਲੋਂ ਹਲਕਾ ਅਮਰਗੜ੍ਹ ਵਿੱਚ ਸ਼ੁਰੂ ਕੀਤੀ ਗਈ ‘ਲੋੜਵੰਦ ਧੀਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕਣ’ ਦੀ ਮੁਹਿੰਮ ਨੂੰ ਲਗਾਤਾਰ ਅੱਗੇ ਵਧਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਇੱਕ ਹੋਰ ਹੋਣਹਾਰ ਧੀ ਸਾਨੀਆ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਸੰਭਾਲਦਿਆਂ ਉਸਦੀ ਸਿੱਖਿਆ ਨਾਲ ਸਬੰਧਤ ਲੋੜੀਂਦੇ ਖ਼ਰਚਿਆਂ ਦਾ ਪ੍ਰਬੰਧ ਕਰਨ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਬੀਬਾ ਅਮਨਦੀਪ ਕੌਰ ਖੰਗੂੜਾ ਨੇ ਕਿਹਾ ਕਿ ਇੱਕ ਮਜ਼ਬੂਤ ਸਮਾਜ ਦੀ ਸਿਰਜਣਾ ਲਈ ਧੀਆਂ ਦਾ ਸਿੱਖਿਅਤ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਆਰਥਿਕ ਤੰਗੀ ਕਾਰਨ ਕਿਸੇ ਵੀ ਹੋਣਹਾਰ ਧੀ ਨੂੰ ਆਪਣੀ ਪੜ੍ਹਾਈ ਅਧੂਰੀ ਛੱਡਣ ਲਈ ਮਜਬੂਰ ਨਹੀਂ ਹੋਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਹਲਕਾ ਅਮਰਗੜ੍ਹ ਦੇ ਹਰ ਪਿੰਡ ਦੀਆਂ ਧੀਆਂ ਨੂੰ ਸਿੱਖਿਆ ਦੇ ਬਿਹਤਰ ਮੌਕੇ ਮੁਹੱਈਆ ਕਰਵਾਉਣਾ ਉਨ੍ਹਾਂ ਦੇ ਮਹੱਤਵਪੂਰਨ ਸੰਕਲਪਾਂ ਵਿੱਚੋਂ ਇੱਕ ਹੈ। ਇਸੇ ਸੋਚ ਤਹਿਤ ਇਸ ਮੁਹਿੰਮ ਨੂੰ ਪਿੰਡ-ਪਿੰਡ ਤੱਕ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਆਪਣੀ ਪੜ੍ਹਾਈ ਜਾਰੀ ਰੱਖ ਸਕਣ ਅਤੇ ਆਪਣੀ ਕਾਬਲੀਅਤ ਦੇ ਬਲਬੂਤੇ ’ਤੇ ਜ਼ਿੰਦਗੀ ਵਿੱਚ ਅੱਗੇ ਵਧ ਸਕਣ।
ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਇਹ ਉਪਰਾਲਾ ਸਿਰਫ਼ ਇੱਕ ਮੁਹਿੰਮ ਨਹੀਂ, ਬਲਕਿ ਧੀਆਂ ਦੇ ਉੱਜਵਲ ਭਵਿੱਖ ਪ੍ਰਤੀ ਜ਼ਿੰਮੇਵਾਰੀ ਅਤੇ ਸਮਾਜ ਸੇਵਾ ਦਾ ਇੱਕ ਨਿਮਾਣਾ ਯਤਨ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਮੁਹਿੰਮ ਨੂੰ ਹੋਰ ਵਿਸਥਾਰ ਦਿੱਤਾ ਜਾਵੇਗਾ ਅਤੇ ਵੱਧ ਤੋਂ ਵੱਧ ਲੋੜਵੰਦ ਧੀਆਂ ਤੱਕ ਇਸਦਾ ਲਾਭ ਪਹੁੰਚਾਉਣ ਲਈ ਯਤਨ ਜਾਰੀ ਰਹਿਣਗੇ।
ਉਨ੍ਹਾਂ ਕਿਹਾ, “ਸਾਡਾ ਸੁਪਨਾ ਹੈ ਕਿ ਹਲਕਾ ਅਮਰਗੜ੍ਹ ਦੀ ਹਰ ਧੀ ਪੜ੍ਹੇ, ਅੱਗੇ ਵਧੇ ਅਤੇ ਆਪਣੇ ਪਰਿਵਾਰ ਦੇ ਨਾਲ-ਨਾਲ ਪੂਰੇ ਸਮਾਜ ਦਾ ਨਾਮ ਰੌਸ਼ਨ ਕਰੇ।