- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਵਿੰਦਰ ਝੋਟੇ ਦੀ ਹੱਤਿਆ ਵਿਰੁੱਧ ਭਵਾਨੀਗੜ੍ਹ ਮੁਕੰਮਲ ਬੰਦ ਰਿਹਾ

ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ ਮੁਕੰਮਲ ਬੰਦ
ਭਵਾਨੀਗੜ੍ਹ 'ਚ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ
ਰੋਸ ਵਜੋਂ ਮੈਡੀਕਲ ਸਟੋਰ ਵੀ ਰਹੇ ਬੰਦ
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ,
ਭਵਾਨੀਗੜ੍ਹ : ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਅਤੇ ਪੰਜਾਬ ਵਿੱਚ ਨਸ਼ਿਆਂ ਦੇ ਚੱਲ ਰਹੇ ਕਾਲੇ ਕਾਰੋਬਾਰ ਵਿਰੁੱਧ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਭਵਾਨੀਗੜ੍ਹ ਵਿੱਚ ਭਰਵਾਂ ਸਮਰਥਨ ਮਿਲਿਆ। ਵੀਰਵਾਰ ਨੂੰ ਸ਼ਹਿਰ ਦੇ ਬਾਜ਼ਾਰ ਮੁਕੰਮਲ ਬੰਦ ਰਹੇ ਅਤੇ ਕਾਰੋਬਾਰੀ ਸਰਗਰਮੀਆਂ ਠੱਪ ਰਹੀਆਂ। ਸਵੇਰੇ 6 ਵਜੇ ਤੋਂ ਹੀ ਦੁਕਾਨਦਾਰਾਂ ਨੇ ਆਪ ਮੁਹਾਰੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਬੰਦ ਦੇ ਸੱਦੇ ਦਾ ਸਮਰਥਨ ਕੀਤਾ। ਜ਼ਿਕਰਯੋਗ ਹੈ ਕਿ ਜ਼ਰੂਰੀ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਮੈਡੀਕਲ ਸਟੋਰਾਂ ਅਤੇ ਹਸਪਤਾਲਾਂ ਨੂੰ ਬੰਦ ਦੇ ਸੱਦੇ ਤੋਂ ਬਾਹਰ ਰੱਖਿਆ ਗਿਆ ਸੀ, ਪਰ ਇਸ ਦੇ ਬਾਵਜੂਦ ਸ਼ਹਿਰ ਦੇ ਮੈਡੀਕਲ ਸਟੋਰ ਵੀ ਪੂਰੀ ਤਰ੍ਹਾਂ ਬੰਦ ਰਹੇ।
ਬਲਿਆਲ ਕੱਟ ਨੇੜੇ ਨੈਸ਼ਨਲ ਹਾਈਵੇ ’ਤੇ ਧਰਨਾ, ਆਵਾਜਾਈ ਰਹੀ ਠੱਪ
ਪੰਜਾਬ ਬੰਦ ਦੇ ਸੱਦੇ ਤਹਿਤ ਵੱਖ-ਵੱਖ ਰਾਜਸੀ ਪਾਰਟੀਆਂ, ਕਿਸਾਨਾਂ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਮਾਝਾ ਸਮੇਤ ਮੁਕੇਸ਼ ਮਲੋਦ, ਹਰਵਿੰਦਰ ਕਾਕੜਾ, ਸੁਖਵਿੰਦਰ ਸਿੰਘ ਝਨੇੜੀ, ਗੁਰਤੇਜ ਝਨੇੜੀ, ਸੁਖਵਿੰਦਰ ਬਲਿਆਲ, ਗੁਰਪ੍ਰੀਤ ਕੰਧੋਲਾ ਅਤੇ ਦਰਸ਼ਨ ਜੱਜ ਸਮੇਤ ਹੋਰ ਆਗੂਆਂ ਦੀ ਅਗਵਾਈ ਹੇਠ ਸ਼ਹਿਰ ਵਿੱਚੋਂ ਲੰਘਦੇ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ’ਤੇ ਬਲਿਆਲ ਕੱਟ ਨੇੜੇ ਧਰਨਾ ਲਗਾਇਆ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸੜਕ ਦੇ ਦੋਵੇਂ ਪਾਸਿਆਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਰੱਖੀ।
ਉਗਰਾਹਾਂ ਦੇ ਸੈਂਕੜੇ ਕਾਰਕੁਨਾਂ ਨੇ ਸ਼ਹਿਰ ’ਚ ਕੱਢਿਆ ਰੋਸ ਮਾਰਚ
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੈਂਕੜੇ ਕਾਰਕੁਨ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਜਗਤਾਰ ਸਿੰਘ ਕਾਲਾਝਾੜ, ਮਨਜੀਤ ਘਰਾਚੋਂ, ਬਲਵਿੰਦਰ ਘਨੌੜ, ਹਰਜਿੰਦਰ ਘਰਾਚੋਂ, ਗੁਰਚੇਤ ਭੱਟੀਵਾਲ, ਜਸਵੀਰ ਮਾਨ ਸਮੇਤ ਹੋਰ ਆਗੂਆਂ ਦੀ ਅਗਵਾਈ ਹੇਠ ਸਥਾਨਕ ਨਵੇਂ ਬੱਸ ਸਟੈਂਡ ਨੇੜੇ ਇਕੱਠੇ ਹੋਏ। ਇੱਥੋਂ ਉਨ੍ਹਾਂ ਨੇ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਅਤੇ ਬਲਿਆਲ ਕੱਟ ਨੇੜੇ ਚੱਲ ਰਹੇ ਧਰਨੇ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸੂਬੇ ਵਿੱਚ ਨਸ਼ਿਆਂ ਦੇ ਮੁੱਦੇ ’ਤੇ ਆਪਣਾ ਰੋਸ ਪ੍ਰਗਟਾਇਆ।
ਧਰਨਿਆਂ ਦੌਰਾਨ ਪੁਲਿਸ ਨੇ ਰੱਖੀ ਸਥਿਤੀ ’ਤੇ ਨਜ਼ਰ
ਡੀਐੱਸਪੀ ਸਤਨਾਮ ਸਿੰਘ ਅਤੇ ਥਾਣਾ ਮੁਖੀ ਗੁਰਪ੍ਰੀਤ ਸਿੰਘ ਸਮਰਾਓ ਦੀ ਅਗਵਾਈ ਹੇਠ ਪੁਲਿਸ ਮੁਲਾਜ਼ਮਾਂ ਵੱਲੋਂ ਧਰਨਿਆਂ ਅਤੇ ਪ੍ਰਦਰਸ਼ਨਾਂ ’ਤੇ ਲਗਾਤਾਰ ਨਜ਼ਰ ਰੱਖੀ ਗਈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।