ਭਾਰਤ-ਅਮਰੀਕਾ ਸਮਝੌਤੇ ਖ਼ਿਲਾਫ਼ ਨਾਅਰੇਬਾਜ਼ੀ
ਭਾਰਤ-ਅਮਰੀਕਾ ਸਮਝੌਤੇ ਖ਼ਿਲਾਫ਼ ਭਾਕਿਯੂ ਸਿੱਧੂਪੁਰ ਨੇ ਕਾਪੀਆਂ ਸਾੜ ਕੇ ਕੀਤੀ ਨਾਅਰੇਬਾਜ਼ੀ
Publish Date: Sun, 15 Feb 2026 04:22 PM (IST)
Updated Date: Mon, 16 Feb 2026 04:00 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਬਲਾਕ ਮਹਿਲਕਲਾਂ ਇਕਾਈ ਵੱਲੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਦਿਸ਼ਾ-ਨਿਰਦੇਸ਼ਾਂ ਤੇ ਸੂਬਾ ਕਮੇਟੀ ਦੇ ਸੱਦੇ ’ਤੇ ਬਲਾਕ ਪ੍ਰਧਾਨ ਜਗਪਾਲ ਸਿੰਘ ਸਹਿਜੜਾ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਵਿਚ ਭਾਰਤ-ਅਮਰੀਕਾ ਸਮਝੌਤੇ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਿਸਾਨ ਵਰਕਰਾਂ ਨੇ ਪਿੰਡ ਛਾਪਾ, ਖਿਆਲੀ, ਸਹਿਜੜਾ, ਸਹੌਰ, ਚਹਾਣਕੇ ਖੁਰਦ, ਕਲਾਲਾ, ਪੰਡੋਰੀ ਅਤੇ ਗੰਗੋਹਰ ਵਿਖੇ ਸਮਝੌਤੇ ਦੀਆਂ ਕਾਪੀਆਂ ਸਾੜਦਿਆਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸਮਝੌਤਾ ਤੁਰੰਤ ਰੱਦ ਕਰਨ ਦੀ ਮੰਗ ਉਠਾਈ। ਪ੍ਰਦਰਸ਼ਨ ਦੌਰਾਨ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਗਾਂਧੀ, ਜ਼ਿਲ੍ਹਾ ਜਰਨਲ ਸਕੱਤਰ ਨਛੱਤਰ ਸਿੰਘ ਸਹੌਰ, ਬਲਾਕ ਪ੍ਰਧਾਨ ਜਗਪਾਲ ਸਿੰਘ ਸਹਿਜੜਾ, ਖ਼ਜ਼ਾਨਚੀ ਸੁਖਵਿੰਦਰ ਸਿੰਘ ਖਿਆਲੀ ਤੇ ਬਲਾਕ ਆਗੂ ਗਿਆਨ ਸਿੰਘ ਬਾਜਵਾ ਛਾਪਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਭਾਰਤ-ਅਮਰੀਕਾ ਵਪਾਰਕ ਸਮਝੌਤੇ ਦੇਸ਼ ਦੇ ਕਿਸਾਨਾਂ ਲਈ ਘਾਤਕ ਸਾਬਤ ਹੋਣਗੇ। ਉਨ੍ਹਾਂ ਦੋਸ਼ ਲਾਇਆ ਕਿ ਇਸ ਤਰ੍ਹਾਂ ਦੇ ਸਮਝੌਤਿਆਂ ਨਾਲ ਵਿਦੇਸ਼ੀ ਕੰਪਨੀਆਂ ਨੂੰ ਭਾਰਤੀ ਖੇਤੀਬਾੜੀ ਖੇਤਰ ਵਿਚ ਵੱਡਾ ਦਖ਼ਲ ਮਿਲੇਗਾ ਜਿਸ ਨਾਲ ਦੇਸੀ ਬੀਜ ਪ੍ਰਣਾਲੀ, ਫਸਲਾਂ ਦੇ ਭਾਅ ਅਤੇ ਮੰਡੀਆਂ ਦੀ ਪ੍ਰਣਾਲੀ ਪ੍ਰਭਾਵਿਤ ਹੋਵੇਗੀ। ਆਗੂਆਂ ਨੇ ਕਿਹਾ ਕਿ ਜੇਕਰ ਸਸਤੇ ਵਿਦੇਸ਼ੀ ਖੇਤੀ ਉਤਪਾਦ ਭਾਰਤੀ ਬਾਜ਼ਾਰ ਵਿਚ ਆਉਂਦੇ ਹਨ ਤਾਂ ਦੇਸੀ ਕਿਸਾਨਾਂ ਦੀਆਂ ਫ਼ਸਲਾਂ ਦੀ ਕੀਮਤ ਘਟੇਗੀ ਅਤੇ ਛੋਟੇ-ਮੱਧਮ ਕਿਸਾਨ ਆਰਥਿਕ ਸੰਕਟ ਵਿਚ ਫਸ ਜਾਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਬੀਜ, ਕੀਟਨਾਸ਼ਕ ਤੇ ਖੇਤੀ ਸਾਜੋ-ਸਾਮਾਨ ਉੱਤੇ ਬਹੁਕੌਮੀ ਕੰਪਨੀਆਂ ਦਾ ਕਬਜ਼ਾ ਹੋ ਸਕਦਾ ਹੈ ਜਿਸ ਨਾਲ ਕਿਸਾਨਾਂ ਦੀ ਖੁਦਮੁਖਤਿਆਰੀ ਖ਼ਤਮ ਹੋਵੇਗੀ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਕੋਈ ਵੀ ਅੰਤਰਰਾਸ਼ਟਰੀ ਖੇਤੀਬਾੜੀ ਸਬੰਧੀ ਸਮਝੌਤਾ ਨਾ ਕਰੇ ਅਤੇ ਭਾਰਤ-ਅਮਰੀਕਾ ਸਮਝੌਤਾ ਤੁਰੰਤ ਰੱਦ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ’ਤੇ ਆੰਦੋਲਨ ਛੇੜਿਆ ਜਾਵੇਗਾ।ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਇਕਜੁੱਟਤਾ ਦਿਖਾਉਂਦਿਆਂ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਕਿਸਾਨਾਂ ਦੇ ਹੱਕਾਂ ’ਤੇ ਕੋਈ ਵੀ ਸਮਝੌਤਾ ਮਨਜ਼ੂਰ ਨਹੀਂ ਕੀਤਾ ਜਾਵੇਗਾ। ਜਥੇਬੰਦੀ ਦੇ ਆਗੂਆਂ ਨੇ ਦੋਹਰਾਇਆ ਕਿ ਖੇਤੀਬਾੜੀ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਇਸ ਨਾਲ ਜੁੜੇ ਹਰ ਫੈਸਲੇ ਵਿੱਚ ਕਿਸਾਨਾਂ ਦੀ ਭੂਮਿਕਾ ਲਾਜ਼ਮੀ ਬਣਾਈ ਇਸ ਮੌਕੇ ਯਾਦਵਿੰਦਰ ਸਿੰਘ ਚੌਹਾਨਕੇ, ਦਰਸ਼ਨ ਸਿੰਘ ਸੰਧੂ ਗੰਗੋਹਰ, ਗੁਰਮੇਲ ਸਿੰਘ ਭੁੱਲਰ, ਗੁਰਚਰਨ ਸਿੰਘ ਕਲਾਲਾ, ਅਵਤਾਰ ਸਿੰਘ ਖਿਆਲੀ, ਹਾਕਮ ਸਿੰਘ ਚੌਹਾਨਕੇ, ਮਹਿੰਦਰ ਸਿੰਘ ਪੰਡੋਰੀ ਅਤੇ ਕੁਲਦੀਪ ਸਿੰਘ ਸਹਿਜੜਾ ਸਮੇਤ ਹੋਰ ਵਰਕਰ ਵੀ ਹਾਜ਼ਰ ਸਨ।