ਭਾਕਿਯੂ ਨੇ ਸੂਬਾ ਸਰਕਾਰ ਦੀ ਅਰਥੀ ਫੂਕੀ,
ਭਾਕਿਯੂ ਸਿੱਧੂਪੁਰ ਨੇ ਮੁੱਖ ਮੰਤਰੀ ਦੀ ਅਰਥੀ ਫੂਕਕੇ ਗ੍ਰਿਫ਼਼ਤਾਰ ਕਿਸਾਨਾਂ ਦੀ ਬਿਨਾਂ ਸ਼ਰਤ ਰਿਹਾਈ ਦੀ ਕੀਤੀ ਮੰਗ
Publish Date: Sat, 04 Apr 2026 04:26 PM (IST)
Updated Date: Sun, 05 Apr 2026 04:02 AM (IST)

ਗ੍ਰਿਫ਼਼ਤਾਰ ਕਿਸਾਨਾਂ ਦੀ ਰਿਹਾਈ ਦੀ ਕੀਤੀ ਮੰਗ ਮੋਗਾ ਰੈਲੀ ’ਚ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਵਿਰੋਧ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਬਲਾਕ ਪ੍ਰਧਾਨ ਜਗਪਾਲ ਸਿੰਘ ਸਹਿਜੜਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਮੁੱਖ ਮੰਤਰੀ ਦੀ ਮੋਗਾ ਰੈਲੀ ਦੌਰਾਨ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਵਿਰੋਧ ’ਚ ਅਨਾਜ ਮੰਡੀ ਮਹਿਲ ਕਲਾਂ ’ਚ ਇਕੱਠੇ ਹੋਏ ਕਿਸਾਨਾਂ ਨੇ ਰੋਸ ਮਾਰਚ ਕੱਢਿਆ ਤੇ ਬੱਸ ਸਟੈਂਡ ਕਸਬਾ ਮਹਿਲ ਕਲਾਂ ਵਿਖੇ ਮੁੱਖ ਮੰਤਰੀ ਦੀ ਅਰਥੀ ਫੂਕ ਕੇ ਗ੍ਰਿਫ਼ਤਾਰ ਕਿਸਾਨਾਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਕਲਾਲਮਾਜਰਾ, ਜ਼ਿਲ੍ਹਾ ਮੀਤ ਪ੍ਰਧਾਨ ਕਰਨੈਲ ਸਿੰਘ ਗਾਂਧੀ, ਜ਼ਿਲ੍ਹਾ ਜਰਨਲ ਸਕੱਤਰ ਨਛੱਤਰ ਸਿੰਘ ਸਹੌਰ, ਖਜ਼ਾਨਚੀ ਸੁਖਵਿੰਦਰ ਸਿੰਘ ਖਿਆਲੀ, ਬਲਾਕ ਆਗੂ ਗਿਆਨ ਸਿੰਘ ਬਾਜਵਾ ਛਾਪਾ ਅਤੇ ਬਲਵਿੰਦਰ ਸਿੰਘ ਬਿੰਦੂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਆਪਣੇ ਆਪ ਨੂੰ ਕਿਸਾਨਾਂ ਦੀ ਹਮਾਇਤੀ ਦੱਸਦੀ ਹੈ, ਜਦਕਿ ਦੂਜੇ ਪਾਸੇ ਹੱਕ ਮੰਗਣ ਵਾਲੇ ਕਿਸਾਨਾਂ ਉੱਤੇ ਲਾਠੀਚਾਰਜ ਅਤੇ ਗਿਰਫਤਾਰੀਆਂ ਕਰਕੇ ਉਨ੍ਹਾਂ ਦੀ ਆਵਾਜ਼ ਦਬਾਈ ਜਾ ਰਹੀ ਹੈ। ਮੋਗਾ ਰੈਲੀ ਦੌਰਾਨ ਕਿਸਾਨਾਂ ਨੂੰ ਜੇਲ੍ਹਾਂ ’ਚ ਸੁੱਟਣਾ ਸਰਕਾਰ ਦੀ ਮਾੜੀ ਕਾਰਜਕਾਰੀ ਨੂੰ ਬੇਨਕਾਬ ਕਰਦਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਅੰਨੇਵਾਹ ਲਾਠੀਆਂ ਚਲਾਉਣ ਅਤੇ ਅੱਥਰੂ ਗੈਸ ਵਰਤਣ ਵਰਗੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਜੋ ਲੋਕਤੰਤਰ ਲਈ ਘਾਤਕ ਹਨ। ਉਨ੍ਹਾਂ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਇਸ ਮੌਕੇ ਕਿਸਾਨਾਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਹੋਰ ਮੰਗਾਂ ਵੀ ਦੁਹਰਾਈਆਂ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਨਾ ਕੀਤਾ ਅਤੇ ਗ੍ਰਿਫ਼ਤਾਰ ਕਿਸਾਨਾਂ ਨੂੰ ਰਿਹਾਅ ਨਾ ਕੀਤਾ ਤਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਆਉਣ ਵਾਲੇ ਸਮੇਂ ’ਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।ਇਸ ਮੌਕੇ ਕਿਸਾਨ ਆਗੂ ਰਘਵੀਰ ਸਿੰਘ ਸਹੌਰ, ਦਰਸ਼ਨ ਸਿੰਘ ਸੰਧੂ ਗੰਗੋਹਰ, ਲੱਖਾ ਸਿੰਘ ਮੂੰਮ, ਰਣਵੀਰ ਸਿੰਘ ਸਹੌਰ, ਮਹਿੰਦਰ ਸਿੰਘ ਪੰਡੋਰੀ, ਨਾਇਬ ਸਿੰਘ ਪੰਡੋਰੀ, ਬਲਦੇਵ ਸਿੰਘ ਮੂੰਮ, ਦਰਬਾਰਾ ਸਿੰਘ ਸਹੌਰ ਸਮੇਤ ਹੋਰ ਕਈ ਕਿਸਾਨ ਵਰਕਰ ਵੱਡੀ ਗਿਣਤੀ ’ਚ ਹਾਜ਼ਰ ਸਨ।