ਬਸੰਤ ਪੰਚਮੀ ਜਾਗਰੂਕਤਾ ਨਾਲ ਮਨਾਈ
ਬਸੰਤ ਪੰਚਮੀ ਧਾਰਮਿਕ, ਉਤਸ਼ਾਹ ਤੇ ਵਾਤਾਵਰਨ ਜਾਗਰੂਕਤਾ ਨਾਲ ਮਨਾਈ
Publish Date: Sun, 25 Jan 2026 04:29 PM (IST)
Updated Date: Mon, 26 Jan 2026 04:04 AM (IST)

ਕੈਪਸ਼ਨ:ਵਾਈਐਸ ਪਬਲਿਕ ਸਕੂਲ ’ਚ ਮਨਾਏ ਬਸੰਤ ਪੰਚਮੀ ਦੇ ਤਿਉਹਾਰ ਦੀ ਤਸਵੀਰ। ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ ਵਾਈਐਸ ਪਬਲਿਕ ਸਕੂਲ ’ਚ ਬਸੰਤ ਪੰਚਮੀ ਦਾ ਪਵਿੱਤਰ ਤਿਉਹਾਰ ਬੜੇ ਹੀ ਉਤਸ਼ਾਹ, ਭਗਤੀ ਤੇ ਸਮਾਜਿਕ ਜਾਗਰੂਕਤਾ ਨਾਲ ਮਨਾਇਆ ਗਿਆ। ਇਸ ਮੌਕੇ ਪੂਰਾ ਸਕੂਲ ਪੀਲੇ ਰੰਗ ਦੀ ਰੌਣਕ ਨਾਲ ਖਿੜ ਉਠਿਆ। ਵਿਦਿਆਰਥੀ ਪੀਲੇ ਰੰਗ ਦੇ ਕੱਪੜੇ ਪਹਿਨ ਕੇ ਆਏ, ਜੋ ਸਕਾਰਾਤਮਕਤਾ, ਗਿਆਨ ਤੇ ਖੁਸ਼ਹਾਲੀ ਦਾ ਪ੍ਰਤੀਕ ਹੈ। ਬਸੰਤ ਪੰਚਮੀ ਬਸੰਤ ਰੁੱਤ ਦੇ ਆਗਮਨ ਤੇ ਗਿਆਨ ਦੀ ਦੇਵੀ ਮਾਂ ਸਰਸਵਤੀ ਦੇ ਆਸ਼ੀਰਵਾਦ ਪ੍ਰਾਪਤ ਕਰਨ ਲਈ ਮਨਾਈ ਗਈ। ਇਸ ਪਵਿੱਤਰ ਦਿਨ ਮਾਂ ਸਰਸਵਤੀ ਦੀ ਵਿਧੀਵਤ ਪੂਜਾ ਕੀਤੀ ਗਈ। ਕਲਾਸ ਪਹਿਲੀ ਤੇ ਦੂਜੀ ਦੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਵਰਕਸ਼ਾਪ ਦਾ ਲਗਾਈ ਗਈ। ਜਿਸ ’ਚ ਚਾਈਨੀਜ਼ ਡੋਰ ਦੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਗਈ। ਦਿਲਚਸਪ ਵੀਡੀਓ ਤੇ ਵਿਹਾਰਿਕ ਉਦਾਹਰਨਾਂ ਰਾਹੀਂ ਵਿਦਿਆਰਥੀਆਂ ਨੂੰ ਸਮਝਾਇਆ ਗਿਆ ਕਿ ਚਾਈਨੀਜ਼ ਡੋਰ ਪੰਛੀਆਂ, ਮਨੁੱਖਾਂ ਅਤੇ ਜਾਨਵਰਾਂ ਲਈ ਕਿੰਨੀ ਖਤਰਨਾਕ ਹੋ ਸਕਦੀ ਹੈ। ਇਸ ਰਾਹੀਂ ਵਾਤਾਵਰਣ ਅਤੇ ਦਇਆ ਭਾਵਨਾ ਦਾ ਮਜ਼ਬੂਤ ਸੰਦੇਸ਼ ਦਿੱਤਾ ਗਿਆ। ਪ੍ਰੀ-ਨਰਸਰੀ ਤੋਂ ਯੂਕੇਜੀ ਤੱਕ ਦੇ ਨੰਨ੍ਹੇ ਵਿਦਿਆਰਥੀਆਂ ਨੇ ਮਾਂ ਸਰਸਵਤੀ ਦੀ ਪੂਜਾ ਵਿੱਚ ਭਾਗ ਲਿਆ। ਵਿਦਿਆਰਥੀਆਂ ਦੀ ਮਾਸੂਮ ਭਕਤੀ ਅਤੇ ਉਤਸ਼ਾਹ ਨੇ ਸਾਰੇ ਮਾਹੌਲ ਨੂੰ ਸ਼ਾਂਤ ਤੇ ਖੁਸ਼ਗਵਾਰ ਬਣਾ ਦਿੱਤਾ। ਇਸ ਗਤੀਵਿਧੀ ਰਾਹੀਂ ਵਿਦਿਆਰਥੀਆਂ ਨੂੰ ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨਾਲ ਸੌਖੇ ਅਤੇ ਅਰਥਪੂਰਨ ਢੰਗ ਨਾਲ ਜਾਣੂ ਕਰਵਾਇਆ ਗਿਆ। ਉਤਸਵ ਦੌਰਾਨ ਸਾਂਝੇ ਭੋਜਨ ਦਾ ਵੀ ਆਯੋਜਨ ਕੀਤਾ ਗਿਆ, ਜਿਸ ਨਾਲ ਵਿਦਿਆਰਥੀਆਂ ਵਿੱਚ ਸਾਂਝ ਅਤੇ ਆਪਸੀ ਪਿਆਰ ਦੀ ਭਾਵਨਾ ਮਜ਼ਬੂਤ ਹੋਈ। ਵਿਦਿਆਰਥੀਆਂ ਵੱਲੋਂ ਪੀਲੇ ਰੰਗ ਦੇ ਭੋਜਨ ਪਦਾਰਥ ਜਿਵੇਂ ਪੀਲੇ ਮਿੱਠੇ ਚੌਲ, ਡੋਕਲਾ, ਨਿੰਬੂ ਚੌਲ, ਕੇਲਾ ਆਦਿ ਲਿਆਂਦੇ ਗਏ, ਜਿਸ ਨਾਲ ਤਿਉਹਾਰ ਦੀ ਰੌਣਕ ਹੋਰ ਵਧ ਗਈ। ਇਸ ਮੌਕੇ ’ਤੇ ਸਕੂਲ ਦੇ ਪ੍ਰਿੰਸੀਪਲ ਮੋਹਿਤ ਜਿੰਦਲ ਨੇ ਕਿਹਾ ਕਿ ਤਿਉਹਾਰ ਸਿੱਖਿਆ ਦਾ ਅਹੰਮ ਹਿੱਸਾ ਹੁੰਦੇ ਹਨ। ਬਸੰਤ ਪੰਚਮੀ ਵਰਗੇ ਸਮਾਰੋਹਾਂ ਰਾਹੀਂ ਅਸੀਂ ਵਿਦਿਆਰਥੀਆਂ ਵਿੱਚ ਛੋਟੀ ਉਮਰ ਤੋਂ ਹੀ ਸੰਸਕ੍ਰਿਤਿਕ ਮੁੱਲ, ਵਾਤਾਵਰਣ ਜਾਗਰੂਕਤਾ ਤੇ ਸਮਾਜਿਕ ਜ਼ਿੰਮੇਵਾਰੀ ਵਿਕਸਿਤ ਕਰਨਾ ਚਾਹੁੰਦੇ ਹਾਂ। ਵਾਈਐਸ ਪਬਲਿਕ ਸਕੂਲ ਵਿੱਚ ਮਨਾਇਆ ਗਿਆ ਬਸੰਤ ਪੰਚਮੀ ਦਾ ਇਹ ਸਮਾਰੋਹ ਮੁੱਲਾਂ ਆਧਾਰਿਤ ਸਿੱਖਿਆ ਦੀ ਸ਼ਾਨਦਾਰ ਮਿਸਾਲ ਬਣਿਆ। ਕਾਰਜਕ੍ਰਮ ਖੁਸ਼ੀ ਭਰੇ ਮਾਹੌਲ ਨਾਲ ਸੰਪੰਨ ਹੋਇਆ ਅਤੇ ਵਿਦਿਆਰਥੀ ਗਿਆਨ, ਸੰਸਕਾਰ ਤੇ ਸੁਹਾਵਣੀਆਂ ਯਾਦਾਂ ਨਾਲ ਭਰਪੂਰ ਹੋ ਕੇ ਘਰ ਵਾਪਸ ਗਏ।