ਬਰਨਾਲਾ ’ਚ ਨਾਜਾਇਜ਼ ਕਲੋਨੀਆਂ 'ਤੇ ਚੱਲਿਆ ਪ੍ਰਸ਼ਾਸਨ ਦਾ 'ਪੀਲਾ ਪੰਜਾ' ਬਰਨਾਲਾ ’ਚ ਨਜਾਇਜ਼ ਕਲੋਨੀਆਂ 'ਤੇ ਚੱਲਿਆ ਪ੍ਰਸ਼ਾਸਨ ਦਾ 'ਪੀਲਾ ਪੰਜਾ'
Publish Date: Wed, 25 Nov 2026 05:20 PM (IST)
Updated Date: Thu, 26 Nov 2026 04:05 AM (IST)
-- ਚਾਰ ਥਾਵਾਂ ਤੇ ਸੜਕਾਂ ਪੁੱਟੀਆਂ ਤੇ ਕੰਧਾਂ ਕੀਤੀਆਂ ਢਹਿ-ਢੇਰੀ -- ਭੋਲੇ-ਭਾਲੇ ਲੋਕਾਂ ਨੂੰ ਠੱਗਣ ਵਾਲੇ ਕਾਲੋਨਾਈਜ਼ਰਾਂ ਨੂੰ ਸਖ਼ਤ ਚੇਤਾਵਨੀ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸ਼ਹਿਰ ਵਿੱਚ ਬਿਨਾਂ ਸਰਕਾਰੀ ਮਨਜ਼ੂਰੀ ਤੋਂ ਧੜਾਧੜ ਕੱਟੀਆਂ ਜਾ ਰਹੀਆਂ ਨਜਾਇਜ਼ ਕਲੋਨੀਆਂ ਵਿਰੁੱਧ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਨੇ ਹੁਣ ਪੂਰੀ ਤਰ੍ਹਾਂ ਸਖ਼ਤੀ ਕਰ ਦਿੱਤੀ ਹੈ। ਡਿਪਟੀ ਕਮਿਸ਼ਨਰ ਬਰਨਾਲਾ ਤੇ ਨਗਰ ਨਿਗਮ ਕਮਿਸ਼ਨਰ ਆਈ.ਏ.ਐੱਸ. ਅਧਿਕਾਰੀ ਅਭਿਜੀਤ ਕਪਲਿਸ਼ ਦੇ ਸਖ਼ਤ ਹੁਕਮਾਂ ਤੇ ਅਮਲ ਕਰਦਿਆਂ ਨਗਰ ਨਿਗਮ ਦੇ ਇਮਾਰਤ ਉਸਾਰੂ ਵਿਭਾਗ ਦੀ ਟੀਮ ਨੇ ਕਾਰਵਾਈ ਵਿੱਢ ਦਿੱਤੀ ਹੈ। ਟੀਮ ਵੱਲੋਂ ਬਰਨਾਲਾ ਦੇ ਵੱਖ-ਵੱਖ ਹਿੱਸਿਆਂ ਵਿੱਚ ਬਣ ਰਹੀਆਂ ਚਾਰ ਨਜਾਇਜ਼ ਕਲੋਨੀਆਂ ਤੇ ਪੀਲਾ ਪੰਜਾ ਚਲਾ ਕੇ ਉੱਥੇ ਬਣਾਈਆਂ ਗਈਆਂ ਸੜਕਾਂ ਨੂੰ ਪੁੱਟ ਦਿੱਤਾ ਗਿਆ ਤੇ ਪਲਾਟਾਂ ਦੀ ਨਿਸ਼ਾਨਦੇਹੀ ਲਈ ਕੱਢੀਆਂ ਗਈਆਂ ਇੱਟਾਂ ਦੀਆਂ ਕੰਧਾਂ ਨੂੰ ਢਾਹ ਕੇ ਰੋੜੇ-ਰੋੜੇ ਕਰ ਦਿੱਤਾ ਗਿਆ। ਇਸ ਕਾਰਵਾਈ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਨਗਰ ਨਿਗਮ ਬਰਨਾਲਾ ਦੇ ਸਹਾਇਕ ਨਗਰ ਯੋਜਨਾਕਾਰ ਲਖਵਿੰਦਰ ਸਿੰਘ, ਡਰਾਫਟਸਮੈਨ ਸੂਰਤ ਸਿੰਘ ਤੇ ਡਰਾਫਟਸਮੈਨ ਮਨ ਸਾਹਿਬਪ੍ਰੀਤ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਧਨੌਲਾ ਰੋਡ ਤੇ ਗੁਰਸੇਵਕ ਨਗਰ ਨੇੜੇ ਕਰੀਬ ਦੋ ਏਕੜ ਜ਼ਮੀਨ ਚ ਬਣ ਰਹੀ ਇੱਕ ਨਜਾਇਜ਼ ਕਲੋਨੀ ਚ ਜੇ.ਸੀ.ਬੀ. ਮਸ਼ੀਨ ਨਾਲ ਸੜਕਾਂ ਪੁੱਟੀਆਂ ਗਈਆਂ ਤੇ ਪਲਾਟਾਂ ਲਈ ਕੀਤੀ ਗਈ ਚਾਰਦੀਵਾਰੀ ਨੂੰ ਢਾਹ ਦਿੱਤਾ ਗਿਆ। ਇਸੇ ਤਰ੍ਹਾਂ ਹੀ ਬਾਜਾਖਾਨਾ ਰੋਡ ਤੇ ਦੋ ਵੱਖ-ਵੱਖ ਥਾਵਾਂ ਇੱਕ ਏਕੜ ਤੇ ਕਰੀਬ ਅੱਧਾ ਏਕੜ ਰਕਬੇ ਚ ਬਿਨਾਂ ਨਕਸ਼ਾ ਪਾਸ ਕਰਵਾਏ ਕੱਟੇ ਜਾ ਰਹੇ ਪਲਾਟਾਂ ਦੀਆਂ ਕੰਧਾਂ ਨੂੰ ਢਹਿ-ਢੇਰੀ ਕਰਕੇ ਉਸਾਰੀ ਦਾ ਕੰਮ ਮੌਕੇ ਤੇ ਹੀ ਬੰਦ ਕਰਵਾ ਦਿੱਤਾ ਗਿਆ। ਖੁੱਡੀ ਰੋਡ ਤੇ ਕਰੀਬ ਇੱਕ ਏਕੜ ਜ਼ਮੀਨ ਚ ਉਸਾਰੀ ਜਾ ਰਹੀ ਕਲੋਨੀ ਦੀਆਂ ਸੜਕਾਂ ਨੂੰ ਪੁੱਟ ਕੇ ਪਲਾਟਾਂ ਦੀਆਂ ਨਿਸ਼ਾਨਦੇਹੀ ਵਾਲੀਆਂ ਕੰਧਾਂ ਦੀਆਂ ਇੱਟਾਂ ਨੂੰ ਖਿਲਾਰ ਦਿੱਤਾ ਗਿਆ। ਖੂਨ-ਪਸੀਨੇ ਦੀ ਕਮਾਈ ਲਾਉਣ ਤੋਂ ਪਹਿਲਾਂ ਕਰੋ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਕਈ ਕਲੋਨਾਈਜ਼ਰ ਵਾਹੀਯੋਗ ਜ਼ਮੀਨਾਂ ਨੂੰ ਸਸਤੇ ਭਾਅ ਖਰੀਦ ਕੇ ਤੇ ਬਿਨਾਂ ਕਿਸੇ ਸਰਕਾਰੀ ਮਾਪਦੰਡਾਂ ਦੀ ਪਾਲਣਾ ਕੀਤਿਆਂ ਕਲੋਨੀਆਂ ਦਾ ਰੂਪ ਦੇ ਦਿੰਦੇ ਹਨ, ਜਿਸ ਨਾਲ ਆਮ ਲੋਕਾਂ ਨਾਲ ਵੱਡੀ ਠੱਗੀ ਵੱਜਦੀ ਹੈ। ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਅਪੀਲ ਕੀਤੀ ਕਿ ਆਪਣੀ ਉਮਰ ਭਰ ਦੀ ਮਿਹਨਤ ਦੀ ਕਮਾਈ ਲਾਉਣ ਤੋਂ ਪਹਿਲਾਂ ਪੂਰੀ ਤਰ੍ਹਾਂ ਪੜਤਾਲ ਜ਼ਰੂਰ ਕੀਤੀ ਜਾਵੇ। ਸਿਰਫ਼ ਉਨ੍ਹਾਂ ਕਲੋਨੀਆਂ ਚ ਹੀ ਪਲਾਟ ਖਰੀਦਣ ਨੂੰ ਪਹਿਲ ਦਿੱਤੀ ਜਾਵੇ ਜੋ ਰੇਰਾ ਤੋਂ ਮਨਜ਼ੂਰਸ਼ੁਦਾ ਹਨ, ਜਿਨ੍ਹਾਂ ਦਾ ਨਕਸ਼ਾ ਨਗਰ ਨਿਗਮ ਬਰਨਾਲਾ ਤੋਂ ਪਾਸ ਹੋ ਚੁੱਕਾ ਹੈ, ਜਾਂ ਫਿਰ ਜਿਨ੍ਹਾਂ ਦੀ ਫਾਈਲ ਸਰਕਾਰੀ ਫੀਸਾਂ ਸਮੇਤ ਨਿਗਮ ਕੋਲ ਜਮ੍ਹਾਂ ਹੋ ਚੁੱਕੀ ਹੈ। ਕਾਲੋਨਾਈਜ਼ਰਾਂ ਨੂੰ ਸਖ਼ਤ ਤਾੜਨਾ ਨਗਰ ਨਿਗਮ ਦੀ ਟੀਮ ਨੇ ਕਲੋਨਾਈਜ਼ਰਾਂ ਨੂੰ ਸਪੱਸ਼ਟ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਨ ਤੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਹਰਕਤਾਂ ਤੋਂ ਬਾਜ਼ ਆਉਣ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਤੇ ਨਗਰ ਨਿਗਮ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਸ਼ਹਿਰ ਚ ਕਿਸੇ ਵੀ ਕੀਮਤ ਤੇ ਨਜਾਇਜ਼ ਉਸਾਰੀ ਨਹੀਂ ਹੋਣ ਦਿੱਤੀ ਜਾਵੇਗੀ। ਜਿਨ੍ਹਾਂ ਕਲੋਨੀਆਂ ਦੇ ਨਕਸ਼ੇ ਪਾਸ ਨਹੀਂ ਹੋਏ ਜਾਂ ਬਣਦੀਆਂ ਸਰਕਾਰੀ ਫੀਸਾਂ ਅਦਾ ਨਹੀਂ ਕੀਤੀਆਂ ਗਈਆਂ, ਉਨ੍ਹਾਂ ਵਿਰੁੱਧ ਆਉਣ ਵਾਲੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਪੀਲੇ ਪੰਜੇ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ।