ਨਗਰ ਪੰਚਾਇਤ ਹੰਡਿਆਇਆ : 90 ਏਕੜ ਜ਼ਮੀਨ ਮਾਲਕੀ ਦੇ ਬਾਵਜੂਦ ਕਰੋੜਾਂ ਦੇ ਕਰਜ਼ੇ ਹੇਠ ਦੱਬੀ, ਪੱਕਾ ਮੁਲਾਜ਼ਮ ਸਿਰਫ਼ ਇਕ Exclusive Story : ਨਗਰ ਪੰਚਾਇਤ ਹੰਡਿਆਇਆ: 90 ਏਕੜ ਜ਼ਮੀਨ ਦੀ ਮਾਲਕੀ ਦੇ ਬਾਵਜੂਦ ਕਰੋੜਾਂ
Publish Date: Wed, 26 Aug 2026 04:48 PM (IST)
Updated Date: Thu, 27 Aug 2026 04:01 AM (IST)
-25 ਏਕੜ ਜ਼ਮੀਨ ਤੋਂ ਸਾਲਾਨਾ ਆਮਦਨ ਮਹਿਜ਼ 25 ਹਜ਼ਾਰ ਰੁਪਏ, 40 ਏਕੜ ਦੇ ਕਰੀਬ ਬੰਜਰ ਜ਼ਮੀਨ ਤੋਂ ਆਮਦਨ ਜ਼ੀਰੋ -ਵੱਡੇ ਅਧਿਕਾਰੀਆਂ ਕੋਲ ਸਿਰਫ਼ ਵਾਧੂ ਚਾਰਜ, ਕੱਚੇ ਕਾਮਿਆਂ ਨੂੰ ਮਹੀਨਿਆਂ ਤੋਂ ਤਨਖਾਹਾਂ ਦਾ ਇੰਤਜ਼ਾਰ - ਸਾਬਕਾ ਕੌਂਸਲਰ ਆਪਣੇ ਮਾਣ ਭੱਤੇ ਲਈ ਨਗਰ ਪੰਚਾਇਤ ਦੇ ਗੇੜੇ ਮਾਰਨ ਲਈ ਮਜਬੂਰ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਨਗਰ ਪੰਚਾਇਤ ਹੰਡਿਆਇਆ ਕੋਲ 90 ਏਕੜ ਆਪਣੀ ਕਰੋੜਾਂ ਰੁਪਏ ਦੀ ਜ਼ਮੀਨ ਨਾਲ ਕਰੋੜਾਂ ਰੁਪਏ ਦੀ ਦੇਣਦਾਰੀ ਹੇਠ ਦੱਬੀ, ਤੇ ਗੰਭੀਰ ਵਿੱਤੀ ਸੰਕਟ ਨਾਲ ਜੂਝ ਰਹੀ ਹੈ। ਪੂਰੇ ਪ੍ਰਸ਼ਾਸਨ ਨੂੰ ਚਲਾਉਣ ਲਈ ਇੱਥੇ ਪੱਕੇ ਤੌਰ ਤੇ ਸਿਰਫ਼ ਇੱਕ ਕਲਰਕ ਹੀ ਤਾਇਨਾਤ ਹੈ, ਜਦਕਿ ਜ਼ਮੀਨਾਂ ਦੀ ਆਮਦਨ ਲਗਭਗ ਨਾਮਾਤਰ ਹੈ। ਹਾਲਾਤ ਇਹ ਹਨ ਕਿ ਪਹਿਲਾਂ ਸੇਵਾਵਾਂ ਨਿਭਾ ਚੁੱਕੇ ਸਾਬਕਾ ਕੌਂਸਲਰ ਵੀ ਆਪਣੇ ਬਕਾਇਆ ਮਾਣ ਭੱਤੇ ਲੈਣ ਲਈ ਦਫ਼ਤਰ ਦੇ ਚੱਕਰ ਕੱਟ ਰਹੇ ਹਨ। -ਜ਼ਮੀਨਾਂ ਦੀ ਵਰਤੋਂ ਤੇ ਆਮਦਨ ਦਾ ਬੂਹਾ ਬੰਦ ਨਗਰ ਪੰਚਾਇਤ ਹੰਡਿਆਇਆ ਨੇ ਅਕਾਲੀ-ਭਾਜਪਾ ਸਰਕਾਰ ਵੇਲੇ ਇੱਕ ਮਤਾ ਪਾਸ ਕਰਕੇ ਆਪਣੀ 25 ਏਕੜ ਜ਼ਮੀਨ ਕ੍ਰਿਸ਼ੀ ਵਿਗਿਆਨ ਕੇਂਦਰ ਨੂੰ 99 ਸਾਲਾਂ ਲਈ ਲੀਜ਼ ਤੇ ਦਿੱਤੀ ਸੀ, ਜਿਸ ਤੋਂ ਸਾਲਾਨਾ ਮਹਿਜ਼ 25 ਹਜ਼ਾਰ ਰੁਪਏ ਦੀ ਆਮਦਨ ਹੁੰਦੀ ਹੈ। ਇਸ ਤੋਂ ਇਲਾਵਾ ਕੂੜਾ ਡੰਪ 2 ਏਕੜ ਜ਼ਮੀਨ, ਐਸ.ਟੀ.ਪੀ. ਪਲਾਂਟ 2 ਏਕੜ ਜ਼ਮੀਨ, ਹੱਡਾ ਰੋੜੀ 1 ਏਕੜ ਜ਼ਮੀਨ ਤੋਂ ਇਲਾਵਾ ਬਾਕੀ ਬਚਦੀ ਕਰੀਬ 40 ਏਕੜ ਜ਼ਮੀਨ ਤੋਂ ਨਗਰ ਪੰਚਾਇਤ ਨੂੰ ਜ਼ੀਰੋ ਆਮਦਨ ਪ੍ਰਾਪਤ ਹੁੰਦੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਪੰਜਾਬ ਪੁਲਿਸ ਨੂੰ ਦਿੱਤੀ ਜ਼ਮੀਨ ਤਾਂ ਵਾਪਸ ਲੈ ਲਈ ਗਈ ਹੈ, ਪਰ ਉਹ ਬੰਜਰ ਹੋਣ ਕਰਕੇ ਹਾਲੇ ਵੀ ਕੋਈ ਕਮਾਈ ਨਹੀਂ ਦੇ ਰਹੀ। -ਕਿਉਂ ਨਹੀਂ ਸੋਚਿਆ ਨੇਤਾ ਜਾਂ ਸਰਕਾਰ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਈ ਸਰਕਾਰਾਂ ਆਈਆਂ ਤੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਆਜ਼ਾਦ, ਕਾਂਗਰਸ ਤੇ ਅਕਾਲੀ ਦਲ ਦੇ ਵਿਧਾਇਕ ਚੁਣੇ ਗਏ। ਇੱਥੋਂ ਤੱਕ ਕਿ ਇਸ ਖੇਤਰ ਦੇ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਤੇ ਕਈ ਸੂਬਿਆਂ ਦੇ ਰਾਜਪਾਲ ਵੀ ਰਹੇ ਪਰ ਕਿਸੇ ਵੀ ਸਿਆਸੀ ਆਗੂ ਜਾਂ ਸਰਕਾਰ ਨੇ ਇਸ ਬੰਜਰ ਜ਼ਮੀਨ ਨੂੰ ਉਪਜਾਊ ਜਾਂ ਆਮਦਨ ਦਾ ਸਰੋਤ ਬਣਾਉਣ ਵੱਲ ਆਖਿਰ ਧਿਆਨ ਕਿਉਂ ਨਹੀਂ ਦਿੱਤਾ। -1 ਪੱਕਾ ਤੇ 19 ਕੱਚੇ ਮੁਲਾਜ਼ਮਾਂ, ਅਧਿਕਾਰੀ ਨਹੀਂ ਪੱਕਾ ਨਗਰ ਪੰਚਾਇਤ ’ਚ 1997 ਚ ਕੱਚੇ ਤੌਰ ਤੇ ਭਰਤੀ ਹੋਇਆ ਇੱਕ ਕਲਰਕ ਨਾਇਬ ਸਿੰਘ ਸਾਲ 2011 ’ਚ ਪੱਕਾ ਹੋਇਆ ਸੀ, ਜੋ 2034 ’ਚ ਸੇਵਾਮੁਕਤ ਹੋਵੇਗਾ। ਇਸ ਇੱਕੋ-ਇੱਕ ਪੱਕੇ ਮੁਲਾਜ਼ਮ ਤੋਂ ਇਲਾਵਾ 19 ਕੱਚੇ ਕਾਮੇ ਤਾਇਨਾਤ ਹਨ। ਜਿੰਨ੍ਹਾਂ ਚ ਕੱਚੇ ਕਲਰਕ 5, ਸਫ਼ਾਈ ਸੇਵਕ 10, ਇਲੈਕਟ੍ਰੀਸ਼ੀਅਨ 1,ਚੌਂਕੀਦਾਰ 1, ਸੇਵਾਦਾਰ 2 ਹਨ। ਕਾਰਜ ਸਾਧਕ ਅਫ਼ਸਰ, ਜੂਨੀਅਰ ਇੰਜੀਨੀਅਰ ਤੇ ਹੋਰ ਉੱਚ ਅਧਿਕਾਰੀਆਂ ਕੋਲ ਸਿਰਫ਼ ਵਾਧੂ ਚਾਰਜ ਹੈ। ਪੱਕੀ ਆਮਦਨ ਦਾ ਸਾਧਨ ਨਾ ਹੋਣ ਕਰਕੇ ਨਾ ਤਾਂ ਇੱਥੇ ਪੱਕੇ ਅਧਿਕਾਰੀ ਤਾਇਨਾਤ ਕੀਤੇ ਜਾਂਦੇ ਹਨ ਤੇ ਨਾ ਹੀ ਨਵੀਂ ਭਰਤੀ ਕੀਤੀ ਜਾ ਰਹੀ ਹੈ। ਕੱਚੇ ਮੁਲਾਜ਼ਮਾਂ ਨੂੰ ਵੀ 5-5 ਮਹੀਨਿਆਂ ਬਾਅਦ ਤਨਖਾਹਾਂ ਨਸੀਬ ਹੁੰਦੀਆਂ ਹਨ। -ਕੌਂਸਲਰ ਵੀ ਮਾਣ ਭੱਤੇ ਨੂੰ ਤਰਸੇ ਨਗਰ ਪੰਚਾਇਤ ਹੰਡਿਆਇਆ ’ਚ 15 ਵਾਰਡ ਹਨ, ਜਿੱਥੋਂ 15 ਕੌਂਸਲਰ ਚੁਣੇ ਜਾਂਦੇ ਹਨ। ਨਿਯਮਾਂ ਮੁਤਾਬਕ ਹਰ ਕੌਂਸਲਰ ਨੂੰ 5,000 ਰੁਪਏ ਮਹੀਨਾ ਮਾਣ ਭੱਤਾ ਤੇ ਮੀਟਿੰਗ ’ਚ ਸ਼ਾਮਲ ਹੋਣ ਦਾ 500 ਰੁਪਏ ਵੱਖਰੇ ਤੌਰ ਤੇ ਦਿੱਤਾ ਜਾਂਦਾ ਹੈ। ਹਾਲਾਤ ਇਹ ਹਨ ਕਿ ਸਾਬਕਾ ਕੌਂਸਲਰਾਂ ਦਾ ਹੀ 4.57 ਲੱਖ ਰੁਪਏ ਬਕਾਇਆ ਖੜ੍ਹਾ ਹੈ, ਜਿਸ ਕਰ ਕੇ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਵੀ ਆਪਣਾ ਮਾਣ ਭੱਤਾ ਮਿਲਣ ਦੀ ਆਸ ਧੁੰਦਲੀ ਨਜ਼ਰ ਆ ਰਹੀ ਹੈ। - ਕਰੋੜਾਂ ਰੁਪਏ ਦੀ ਦੇਣਦਾਰੀ ਨਗਰ ਪੰਚਾਇਤ ਹੰਡਿਆਇਆ ਦਾ 31 ਮਾਰਚ 2026 ਤੱਕ ਦੇਣਦਾਰੀ ਚ ਪ੍ਰੋਵੀਡੈਂਟ ਫੰਡ 56,92,000 ਸਟ੍ਰੀਟ ਲਾਈਟਾਂ ਤੇ ਬਿਜਲੀ ਬਿੱਲ 19,67,000, ਬੈਂਕ ਕਰਜ਼ੇ ਤੇ ਵਿਆਜ13,00,000 ਸਣੇ ਅਖ਼ਬਾਰਾਂ ਦੀ ਇਸ਼ਤਿਹਾਰਬਾਜ਼ੀ ਦਾ 6,50,000 ਅਤੇ ਆਡਿਟ ਫੀਸ CA ਤੇ ਵਕੀਲ ਦਾ ਵੀ 5,90,000, ਸਾਬਕਾ ਕੌਂਸਲਰਾਂ ਦਾ ਮਾਣ ਭੱਤਾ 4,57,000, ਚੋਣ ਦਫ਼ਤਰ ਦੇ ਖਰਚੇ 3,82,000, ਨਵੀਂ ਪੈਨਸ਼ਨ ਸਕੀਮ 32,000 ਤੇ ਫੋਗਿੰਗ ਮਸ਼ੀਨ ਡੀਜ਼ਲ ਖਰਚੇ ਦਾ 15,000 ਰੁਪਏ ਦੀ ਦੇਣਦਾਰੀ ਹੈ। ਜਦਕਿ ਇਕ ਅਪ੍ਰੈਲ 2029 ਤੋਂ ਲੈ ਕੇ 25 ਅਗਸਤ 2026 ਤੱਕ ਇਹ ਦੇਣਦਾਰੀ ਹੋਰ ਵੀ ਦੋ ਗੁਣਾ ਹੋ ਗਈ ਹੋਵੇਗੀ।