ਬਰਨਾਲਾ ਲਾਠੀਚਾਰਜ ਮਾਮਲਾ: ਸਫ਼ਾਈ ਸੇਵਕਾਂ ਵੱਲੋਂ 'ਪੰਜਾਬ ਬੰਦ' ਦਾ ਸੱਦਾ, ਬਰਨਾਲਾ 'ਚ ਪੂਰਨ ਹੜਤਾਲ, ਬਾਜ਼ਾਰ ਰਹੇ ਸੁੰਨਸਾਨ ਬਰਨਾਲਾ ਲਾਠੀਚਾਰਜ ਮਾਮਲਾ: ਸਫ਼ਾਈ ਸੇਵਕਾਂ ਵੱਲੋਂ 'ਪੰਜਾਬ ਬੰਦ' ਦਾ ਸੱਦਾ, ਬਰਨਾਲਾ 'ਚ ਪੂਰਨ ਹੜਤਾਲ, ਬਾਜ਼ਾਰ ਰਹੇ ਸੁੰਨਸਾਨ
Publish Date: Thu, 30 Jul 2026 03:54 PM (IST)
Updated Date: Fri, 31 Jul 2026 04:01 AM (IST)
-- ਕਾਂਗਰਸ, ਅਕਾਲੀ, ਬਸਪਾ, ਭਾਜਪਾ ਆਏ ਸਫਾਈ ਸੇਵਕਾਂ ਦੇ ਸਮਰਥਨ ਚ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ’ਚ ਸਫ਼ਾਈ ਸੇਵਕਾਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ। ਬਰਨਾਲਾ ਜ਼ਿਲ੍ਹੇ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਤੇ ਸ਼ਹਿਰ ’ਚ ਸੁੰਨ ਪਸਰੀ ਰਹੀ। ਹਾਲਾਂਕਿ ਆਮ ਜਨਜੀਵਨ ਨੂੰ ਧਿਆਨ ’ਚ ਰੱਖਦਿਆਂ ਸਕੂਲ, ਕਾਲਜ, ਹਸਪਤਾਲ, ਡਾਕਟਰੀ ਸੇਵਾਵਾਂ ਤੇ ਹੋਰ ਲਾਜ਼ਮੀ ਸੇਵਾਵਾਂ ਨੂੰ ਬੰਦ ਤੋਂ ਛੋਟ ਦਿੱਤੀ ਗਈ ਸੀ, ਜਿਸ ਕਾਰਨ ਇਹ ਸੇਵਾਵਾਂ ਆਮ ਵਾਂਗ ਜਾਰੀ ਰਹੀਆਂ। ਸਫ਼ਾਈ ਕਰਮਚਾਰੀ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ 3 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਕੱਚੇ ਸਫ਼ਾਈ ਕਰਮਚਾਰੀਆਂ ਨੂੰ ਤੁਰੰਤ ਪੱਕਾ ਕਰਨ, 22 ਜੁਲਾਈ ਨੂੰ ਬਰਨਾਲਾ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਫ਼ਾਈ ਸੇਵਕਾਂ ਤੇ ਲਾਠੀਚਾਰਜ ਕਰਨ ਤੇ ਕੁੱਟਮਾਰ ਕਰਨ ਵਾਲੇ ਦੋਸ਼ੀ ਪੁਲਿਸ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ। ਬਰਨਾਲਾ ’ਚ 22 ਜੁਲਾਈ ਨੂੰ ਹੋਏ ਲਾਠੀਚਾਰਜ ਤੋਂ ਬਾਅਦ ਸੂਬੇ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਇਸ ਪੰਜਾਬ ਬੰਦ ਨੂੰ ਵੱਖ-ਵੱਖ ਸਿਆਸੀ ਧਿਰਾਂ ਤੇ ਜਥੇਬੰਦੀਆਂ ਦਾ ਵੱਡਾ ਸਮਰਥਨ ਮਿਲਿਆ ਹੈ, ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਆਪਣੇ ਪਾਰਟੀ ਦੇ ਆਗੂ ਤੇ ਵਰਕਰਾਂ ਸਣੇ ਸ਼ਾਮਿਲ ਹੋਏ ਹਨ। ਭਾਰਤੀ ਜਨਤਾ ਪਾਰਟੀ, ਬਸਪਾ, ਸ਼੍ਰੋਮਣੀ ਅਕਾਲੀ ਦਲ ਇਹ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਵੀ ਆਪਣੇ ਆਗੂ ਤੇ ਵਰਕਰਾਂ ਦੇ ਕਾਫਲੇ ਨਾਲ ਇਸ ਰੋਸ ਪ੍ਰਦਰਸਨ ’ਚ ਸ਼ਾਮਿਲ ਹੋਏ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਅਤੇ ਮੁਲਾਜ਼ਮ ਯੂਨੀਅਨਾਂ ਸਫਾਈ ਸੇਵਕਾਂ ਦੇ ਰੋਸ ਪ੍ਰਦਰਸ਼ਨ ’ਚ ਸ਼ਾਮਿਲ ਹੋਏ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਹੜਤਾਲ ਖ਼ਤਮ ਕਰਵਾਉਣ ਲਈ ਇੱਕ ਨੀਤੀ ਦਾ ਐਲਾਨ ਕੀਤਾ ਗਿਆ ਸੀ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਦੀ ਮਹੀਨਾਵਾਰ ਤਨਖਾਹ ਵਧਾਕੇ 20,500 ਰੁਪਏ ਕਰਨ ਤੇ 5 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਪੇਸ਼ਕਸ਼ ਕੀਤੀ ਸੀ ਪਰ ਸਫ਼ਾਈ ਸੇਵਕਾਂ ਦੀਆਂ ਯੂਨੀਅਨਾਂ ਨੇ ਪੰਜਾਬ ਸਰਕਾਰ ਦੀ ਇਸ ਪੇਸ਼ਕਸ਼ ਨੂੰ ਨਾਕਾਫ਼ੀ ਦੱਸਦਿਆਂ ਸਿਰੇ ਤੋਂ ਠੁਕਰਾ ਦਿੱਤਾ ਹੈ। ਸ਼ਹਿਰਾਂ ’ਚ ਮੰਡਰਾ ਰਿਹਾ ਸਿਹਤ ਸੰਕਟ ਸਰਕਾਰ ਨੂੰ ਤੁਰੰਤ ਹੀ ਇਨ੍ਹਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਕਿਉਂਕਿ ਸ਼ਹਿਰ ’ਚ ਹੜਤਾਲ ਕਾਰਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਥਾਂ-ਥਾਂ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਜੇਕਰ ਆਉਣ ਵਾਲੇ ਦਿਨਾਂ ’ਚ ਬਾਰਿਸ਼ਾਂ ਦਾ ਦੌਰ ਸ਼ੁਰੂ ਹੁੰਦਾ ਹੈ, ਤਾਂ ਸ਼ਹਿਰਾਂ ’ਚ ਗੰਦਗੀ ਕਾਰਨ ਬੀਮਾਰੀਆਂ ਫੈਲਣ ਦਾ ਖ਼ਤਰਾ ਵਧ ਜਾਵੇਗਾ ਤੇ ਸਥਿਤੀ ਹੋਰ ਗੰਭੀਰ ਬਣ ਸਕਦੀ ਹੈ।