
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਰਨਾਲਾ ਦੇ ਸੀ.ਆਈ.ਏ. ਇੰਚਾਰਜ ਇੰਸਪੈਕਟਰ ਬਲਜੀਤ ਸਿੰਘ 'ਪ੍ਰੈਜ਼ੀਡੈਂਟ ਮੈਡਲ' ਨਾਲ ਸਨਮਾਨਿਤ, ਇਲਾਕੇ 'ਚ ਖ਼ੁਸ਼ੀ ਦੀ ਲਹਿਰ

- ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ, ਅਮਨ-ਕਾਨੂੰਨ ਬਹਾਲ ਰੱਖਣ ਤੇ ਕੋਰੋਨਾ ਕਾਲ ਦੌਰਾਨ ਨਿਭਾਈਆਂ ਬੇਮਿਸਾਲ ਸੇਵਾਵਾਂ ਬਦਲੇ ਮਿਲਿਆ ਰਾਸ਼ਟਰੀ ਸਨਮਾਨ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ
ਦੇਸ਼ ਦੇ ਆਜ਼ਾਦੀ ਦਿਹਾੜੇ ਦੇ ਸ਼ੁਭ ਅਵਸਰ 'ਤੇ ਬਰਨਾਲਾ ਪੁਲਿਸ ਦੇ ਸੀ.ਆਈ.ਏ. ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਤੇ ਬੇਮਿਸਾਲ ਸੇਵਾਵਾਂ ਬਦਲੇ ਦੇਸ਼ ਦੇ ਵੱਕਾਰੀ 'ਪ੍ਰੈਜ਼ੀਡੈਂਟ ਮੈਡਲ' (ਰਾਸ਼ਟਰਪਤੀ ਮੈਡਲ) ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਖ਼ਬਰ ਦੇ ਸਾਹਮਣੇ ਆਉਂਦਿਆਂ ਹੀ ਸਮੁੱਚੇ ਬਰਨਾਲਾ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।
--ਸਮਾਜ ਸੇਵਾ ਅਤੇ ਡਿਊਟੀ ਦਾ ਬਹਿਤਰੀਨ ਸੁਮੇਲ
ਜ਼ਿਕਰਯੋਗ ਹੈ ਕਿ ਇੰਸਪੈਕਟਰ ਬਲਜੀਤ ਸਿੰਘ ਲੰਮੇ ਸਮੇਂ ਤੋਂ ਬਰਨਾਲਾ ਪੁਲਿਸ ਵਿੱਚ ਆਪਣੀਆਂ ਸੇਵਾਵਾਂ ਬਹੁਤ ਹੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਅ ਰਹੇ ਹਨ। ਉਨ੍ਹਾਂ ਨੇ ਬਰਨਾਲਾ ਨੂੰ ਅਪਰਾਧ-ਮੁਕਤ ਬਣਾਉਣ ਅਤੇ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਮੁਖੀ ਦੀਆਂ ਹਦਾਇਤਾਂ ’ਤੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰਾਂ 'ਤੇ ਠੱਲ੍ਹ ਪਾਉਣ ਲਈ ਉਨ੍ਹਾਂ ਦੀ ਕਾਰਵਾਈ ਸ਼ਲਾਘਾਯੋਗ ਰਹੀ ਹੈ। ਕੋਰੋਨਾ ਮਹਾਮਾਰੀ ਦੇ ਨਾਜ਼ੁਕ ਦੌਰ ਦੌਰਾਨ ਉਨ੍ਹਾਂ ਵੱਲੋਂ ਦਿਨ-ਰਾਤ ਇੱਕ ਕਰਕੇ ਲੋੜਵੰਦਾਂ ਦੀ ਕੀਤੀ ਗਈ ਮੱਦਦ ਅਤੇ ਸਮਾਜ ਸੇਵੀ ਉਪਰਾਲਿਆਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਇੰਸਪੈਕਟਰ ਬਲਜੀਤ ਸਿੰਘ ਦੀ ਸ਼ਾਨਦਾਰ ਕਾਰਜਗਾਰੀ ਦਾ ਜ਼ਿਕਰ ਸਿਰਫ਼ ਜ਼ਿਲ੍ਹਾ ਬਰਨਾਲਾ ਵਿੱਚ ਹੀ ਨਹੀਂ, ਬਲਕਿ ਪੂਰੇ ਪੰਜਾਬ ਅਤੇ ਗੁਆਂਢੀ ਸੂਬਿਆਂ ਦੀ ਪੁਲਿਸ ਵਿੱਚ ਵੀ ਬੜੇ ਮਾਣ ਨਾਲ ਕੀਤਾ ਜਾਂਦਾ ਹੈ। ਆਜ਼ਾਦੀ ਦਿਹਾੜੇ ਵਰਗੇ ਪਵਿੱਤਰ ਦਿਹਾੜੇ 'ਤੇ ਇੰਸਪੈਕਟਰ ਬਲਜੀਤ ਸਿੰਘ ਨੂੰ ਪ੍ਰੈਜ਼ੀਡੈਂਟ ਮੈਡਲ ਮਿਲਣਾ ਪੂਰੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਇਸੇ ਲਈ ਅੱਜ ਹਰ ਵਰਗ, ਸਮਾਜਿਕ ਜਥੇਬੰਦੀਆਂ ਅਤੇ ਆਮ ਲੋਕ ਉਨ੍ਹਾਂ ਨੂੰ ਇਸ ਪ੍ਰਾਪਤੀ ਲਈ ਵਧਾਈਆਂ ਦੇ ਰਹੇ ਹਨ।
-ਉੱਚ ਅਧਿਕਾਰੀਆਂ ਤੇ ਸਰਕਾਰ ਦਾ ਕੀਤਾ ਧੰਨਵਾਦ
‘ਪੰਜਾਬੀ ਜਾਗਰਣ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸੀ.ਆਈ.ਏ. ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਇਸ ਵੱਡੇ ਸਨਮਾਨ ਲਈ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਦੀ ਰਹਿਨੁਮਾਈ ਹੇਠ ਉਨ੍ਹਾਂ ਨੂੰ ਬਹਿਤਰੀਨ ਕੰਮ ਕਰਨ ਦਾ ਮੌਕਾ ਮਿਲਿਆ। ਪੰਜਾਬ ਪੁਲਿਸ ਮੁਖੀ ਅਤੇ ਪੰਜਾਬ ਸਰਕਾਰ ਦਾ ਵੀ ਉਚੇਚੇ ਤੌਰ ’ਤੇ ਧੰਨਵਾਦ ਕਰਦਿਆਂ ਬਲਜੀਤ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਉਹ ਭਵਿੱਖ ਵਿੱਚ ਵੀ ਜਨਤਾ ਦੀ ਸੇਵਾ ਅਤੇ ਅਮਨ-ਕਾਨੂੰਨ ਦੀ ਰਾਖੀ ਲਈ ਇਸੇ ਤਰ੍ਹਾਂ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਂਦੇ ਰਹਿਣਗੇ।