ਨੰਗੀਆਂ ਬਿਜਲੀ ਤਾਰਾਂ ਤੇ ਖੁੱਲ੍ਹੇ ਮੀਟਰ ਦੇ ਰਹੇ ਹਾਦਸਿਆਂ ਨੂੰ ਸੱਦਾ ਨੰਗੀਆਂ ਬਿਜਲੀ ਤਾਰਾਂ ਤੇ ਖੁੱਲ੍ਹੇ ਮੀਟਰ ਦੇ ਰਹੇ ਹਾਦਸਿਆਂ ਨੂੰ ਸੱਦਾ
Publish Date: Wed, 15 Jul 2026 05:24 PM (IST)
Updated Date: Wed, 15 Jul 2026 05:25 PM (IST)
- ਪਿੰਡਾਂ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ ਮਾਲੇਰਕੋਟਲਾ : ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਬਿਜਲੀ ਦੀਆਂ ਤਾਰਾਂ ਨੂੰ ਅੰਡਰਗਰਾਊਂਡ ਕਰਨ ਅਤੇ ਬਿਜਲੀ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਦੂਜੇ ਪਾਸੇ ਮਾਲੇਰਕੋਟਲਾ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਖੁੱਲ੍ਹੇ ਬਿਜਲੀ ਮੀਟਰ ਬਾਕਸ ਅਤੇ ਨੰਗੀਆਂ ਬਿਜਲੀ ਤਾਰਾਂ ਲੋਕਾਂ ਦੀ ਜਾਨ ਲਈ ਖਤਰਾ ਬਣੀਆਂ ਹੋਈਆਂ ਹਨ। ਪਿੰਡ ਨੌਧਰਾਣੀ ਮਹਿੰਦਰ ਸਿੰਘ ਕੁਲਦੀਪ ਸਿੰਘ, ਜਗਤਾਰ ਸਿੰਘ, ਕਰਮਜੀਤ ਸਿੰਘ ਨੇ ਦੱਸਿਆ ਕਿ ਗਲੀਆਂ ਵਿੱਚ ਲੱਗੇ ਬਿਜਲੀ ਮੀਟਰਾਂ ਦੇ ਬਾਕਸਾਂ ਦੇ ਜਿੰਦਰੇ ਖੁੱਲ੍ਹੇ ਪਏ ਹਨ ਅਤੇ ਮੀਟਰਾਂ ਨੂੰ ਜਾਂਦੀਆਂ ਨੰਗੀਆਂ ਤਾਰਾਂ ਹਰ ਵੇਲੇ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੀਆਂ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਸਬੰਧੀ ਉਹ ਕਈ ਵਾਰ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਜਾਣੂ ਕਰਵਾ ਚੁੱਕੇ ਹਨ, ਪਰ ਅਜੇ ਤੱਕ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਛੋਟੇ ਬੱਚੇ ਰੋਜ਼ਾਨਾ ਸਕੂਲ ਆਉਣ-ਜਾਣ ਅਤੇ ਖੇਡਣ ਸਮੇਂ ਇਨ੍ਹਾਂ ਬਿਜਲੀ ਬਾਕਸਾਂ ਕੋਲੋਂ ਲੰਘਦੇ ਹਨ। ਜੇਕਰ ਸਮੇਂ ਸਿਰ ਇਨ੍ਹਾਂ ਨੂੰ ਠੀਕ ਨਾ ਕੀਤਾ ਗਿਆ ਤਾਂ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਉਨ੍ਹਾਂ ਪਾਵਰਕੌਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਖੁੱਲ੍ਹੇ ਬਾਕਸਾਂ ਨੂੰ ਤੁਰੰਤ ਜਿੰਦਰੇ ਲਾ ਕੇ ਬੰਦ ਕੀਤਾ ਜਾਵੇ ਅਤੇ ਨੰਗੀਆਂ ਤਾਰਾਂ ਦੇ ਜੋੜਾਂ ਦੀ ਮੁਰੰਮਤ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਲਾਵਾਰਿਸ ਪਸ਼ੂਆਂ ਅਤੇ ਰਾਹਗੀਰਾਂ ਲਈ ਵੀ ਬਣਿਆ ਖ਼ਤਰਾ ਸੜਕ ਦੇ ਬਿਲਕੁਲ ਕਿਨਾਰੇ ਲੱਗੇ ਬਿਜਲੀ ਦੇ ਬਕਸਿਆਂ ਵਿੱਚੋਂ ਨਿਕਲੀਆਂ ਨੰਗੀਆਂ ਤਾਰਾਂ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਸੜਕ ਦੇ ਨੇੜੇ ਹੋਣ ਕਰਕੇ ਇੱਥੇ ਘੁੰਮਦੇ ਅਵਾਰਾ ਪਸ਼ੂ ਅਣਜਾਣੇ ਵਿੱਚ ਇਨ੍ਹਾਂ ਤਾਰਾਂ ਦੀ ਲਪੇਟ ਵਿੱਚ ਆ ਸਕਦੇ ਹਨ। ਇਸ ਤੋਂ ਇਲਾਵਾ, ਰਾਤ ਦੇ ਸਮੇਂ ਜੇਕਰ ਕਿਸੇ ਦੋਪਹੀਆ ਵਾਹਨ ਜਾਂ ਹੋਰ ਛੋਟੇ ਵਾਹਨ ਦਾ ਹਲਕਾ ਜਿਹਾ ਸੰਤੁਲਨ ਵੀ ਵਿਗੜ ਜਾਵੇ ਜਾਂ ਟੱਕਰ ਹੋ ਜਾਵੇ, ਤਾਂ ਰਾਹਗੀਰ ਸਿੱਧੇ ਇਨ੍ਹਾਂ ਨੰਗੀਆਂ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆ ਸਕਦੇ ਹਨ, ਜਿਸ ਨਾਲ ਜਾਨਲੇਵਾ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਨੰਗੀਆਂ ਤਾਰਾਂ ਦੀ ਰਿਪੇਆਰ ਦਾ ਕੰਮ ਚੱਲ ਰਿਹਾ ਹੈ : ਐੱਸਡੀਓ ਇਸ ਸਬੰਧੀ ਜਦੋਂ ਪਾਵਰਕਾਮ ਦੇ ਐੱਸਡੀਓ ਪੁਸ਼ਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਦੱਸਿਆ ਕਿ ਆਰਡੀਐੱਸਐੱਸ ਯੋਜਨਾ ਤਹਿਤ ਪਿੰਡਾਂ ਵਿੱਚ ਬਿਜਲੀ ਦੀਆਂ ਨੰਗੀਆਂ ਤਾਰਾਂ ਬਦਲਣ ਅਤੇ ਹੋਰ ਮੁਰੰਮਤ ਦੇ ਕੰਮ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਪੰਜ ਪਿੰਡਾਂ ਵਿੱਚ ਕੰਮ ਚੱਲ ਰਿਹਾ ਹੈ ਅਤੇ ਬਾਕੀ ਪਿੰਡਾਂ ਵਿੱਚ ਵੀ ਜਲਦ ਇਹ ਕੰਮ ਕਰਵਾ ਕੇ ਸਮੱਸਿਆ ਦਾ ਹੱਲ ਕੀਤਾ ਜਾਵੇਗਾ।