- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੇਰਪੁਰ ’ਚ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਮਨਾਇਆ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮਾਲੇਰਕੋਟਲਾ/ਸ਼ੇਰਪੁਰ : ਗੁਰਦੁਆਰਾ ਵਿਸ਼ਵਕਰਮਾ ਰਾਮਗੜੀਆ ਸਾਹਿਬ ਸ਼ੇਰਪੁਰ ਵਿਖੇ ਸਿਰਜਣਾ ਅਤੇ ਕਿਰਤ ਦੇ ਪ੍ਰਤੀਕ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰੀ।
ਸਮਾਗਮ ਦੌਰਾਨ ਉੱਘੇ ਕਥਾ ਵਾਚਕ ਅਤੇ ਗੁਰਦੁਆਰਾ ਗੁਰਸਰ ਛੇਵੀਂ ਪਾਤਸ਼ਾਹੀ, ਪਿੰਡ ਅਲੀਪੁਰ ਖਾਲਸਾ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਮਨਪ੍ਰੀਤ ਸਿੰਘ ਖਾਲਸਾ ਦੇ ਜਥੇ ਵੱਲੋਂ ਭਾਈ ਲਾਲੋ ਜੀ ਦੇ ਜੀਵਨ, ਉਨ੍ਹਾਂ ਦੀ ਸੱਚੀ-ਸੁੱਚੀ ਕਿਰਤ ਅਤੇ ਗੁਰੂ ਸਾਹਿਬਾਨ ਨਾਲ ਸਬੰਧਤ ਗੁਰ ਇਤਿਹਾਸ ਬਾਰੇ ਸੰਗਤਾਂ ਨੂੰ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਕਥਾ ਰਾਹੀਂ ਸੰਗਤਾਂ ਨੂੰ ਇਮਾਨਦਾਰੀ ਨਾਲ ਕਿਰਤ ਕਰਨ, ਵੰਡ ਛਕਣ ਅਤੇ ਨਾਮ ਸਿਮਰਨ ਦੇ ਸਿਧਾਂਤਾਂ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ ਗਈ।
ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਮਨਜੀਤ ਸਿੰਘ ਧਾਮੀ ਨੇ ਬਾਬਾ ਵਿਸ਼ਵਕਰਮਾ ਜੀ ਦੇ ਜੀਵਨ ਅਤੇ ਉਨ੍ਹਾਂ ਦੀ ਸਿਰਜਣਾਤਮਕ ਵਿਰਾਸਤ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਨੂੰ ਸ਼ਿਲਪਕਲਾ, ਇੰਜੀਨੀਅਰਿੰਗ, ਉਸਾਰੀ ਅਤੇ ਤਕਨੀਕੀ ਹੁਨਰ ਦੇ ਪ੍ਰਤੀਕ ਵਜੋਂ ਸਤਿਕਾਰਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੂਈ ਤੋਂ ਲੈ ਕੇ ਜਹਾਜ਼ ਤੱਕ ਅਤੇ ਛੋਟੇ ਔਜ਼ਾਰਾਂ ਤੋਂ ਲੈ ਕੇ ਵੱਡੀਆਂ ਇਮਾਰਤਾਂ ਦੀ ਉਸਾਰੀ ਤੱਕ ਹਰ ਖੇਤਰ ਵਿੱਚ ਕਾਰੀਗਰਾਂ ਦੀ ਮਿਹਨਤ ਅਤੇ ਹੁਨਰ ਦਾ ਅਹਿਮ ਯੋਗਦਾਨ ਹੈ। ਬਾਬਾ ਵਿਸ਼ਵਕਰਮਾ ਜੀ ਦਾ ਦਿਹਾੜਾ ਸਾਨੂੰ ਆਪਣੇ ਹੱਥਾਂ ਦੀ ਕਿਰਤ, ਹੁਨਰ ਅਤੇ ਮਿਹਨਤ ਦਾ ਸਤਿਕਾਰ ਕਰਨ ਦਾ ਸੰਦੇਸ਼ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ, ਸਗੋਂ ਇਮਾਨਦਾਰੀ ਅਤੇ ਲਗਨ ਨਾਲ ਕੀਤੀ ਕਿਰਤ ਹੀ ਮਨੁੱਖ ਦੀ ਅਸਲ ਪਛਾਣ ਬਣਦੀ ਹੈ। ਇਸ ਮੌਕੇ ਉਨ੍ਹਾਂ ਸਮਾਗਮ ਵਿੱਚ ਪਹੁੰਚੀਆਂ ਸੰਗਤਾਂ ਅਤੇ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਕਮੇਟੀ ਦੇ ਆਗੂ ਭੋਲਾ ਸਿੰਘ ਯੂਐਸਏ,ਮਨਦੀਪ ਸਿੰਘ ਧਾਮੀ, ਅਮਰਜੀਤ ਸਿੰਘ ਰੁਪਾਲ, ਅਮਰੀਕ ਸਿੰਘ ਧਾਮੀ, ਸੁਮਿੰਦਰ ਸਿੰਘ ਧਾਮੀ, ਮਲਕੀਤ ਸਿੰਘ ਧਾਮੀ, ਮਨਪ੍ਰੀਤ ਸਿੰਘ ਰੋਪਾਲ, ਰਾਜ ਸਿੰਘ ਧਾਮੀ, ਦਵਿੰਦਰ ਸਿੰਘ ਦਿਓਸੀ, ਨਰਿੰਦਰ ਸਿੰਘ ਰੁਪਾਲ, ਸਰਪੰਚ ਰਾਜ ਸਿੰਘ, ਨਸੀਬ ਸਿੰਘ ਚੰਗਲੀ, ਮਾਸਟਰ ਚਰਨ ਸਿੰਘ, ਮਿਸਤਰੀ ਸੁਖਦੇਵ ਸਿੰਘ ਦਿਉਸੀ, ਮਾਸਟਰ ਦਰਬਾਰਾ ਸਿੰਘ, ਰਣਜੀਤ ਸਿੰਘ ਹੈਡ ਗ੍ਰੰਥੀ ਅਤੇ ਨਾਥ ਸਿੰਘ ਹਮੀਦੀ, ਸੁਖਵਿੰਦਰ ਸਿੰਘ ਧਾਲੀਵਾਲ ਹਾਜ਼ਰ ਸਨ।