- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂਕੁਲ ਗਲੋਬਲ ਕ੍ਰਿਆਂਜ਼ਾ ਸਕੂਲ ਖਨੌਰੀ ਵੱਲੋਂ ਜਾਗਰੂਕਤਾ ਸੈਮੀਨਾਰ

ਹਰਜੀਤ ਸਿੰਘ, ਪੰਜਾਬੀ ਜਾਗਰਣ,
ਖਨੌਰੀ : ਗੁਰੂਕੁਲ ਗਲੋਬਲ ਕ੍ਰਿਆਂਜ਼ਾ ਸਕੂਲ ਖਨੌਰੀ ਵਿਖੇ ਸੁੱਖ ਚੈਰੀਟੇਬਲ ਹਸਪਤਾਲ ਖਨੌਰੀ ਵੱਲੋਂ ਲੜਕੀਆਂ ਲਈ “ਕਿਸ਼ੋਰ ਅਵਸਥਾ ਦੀ ਸਿਹਤ, ਵਿਕਾਸ ਅਤੇ ਵਾਧਾ” ਵਿਸ਼ੇ ’ਤੇ ਇੱਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਲੜਕੀਆਂ ਨੂੰ ਕਿਸ਼ੋਰ ਅਵਸਥਾ ਦੌਰਾਨ ਹੋਣ ਵਾਲੀਆਂ ਸਰੀਰਕ ਤਬਦੀਲੀਆਂ, ਸਿਹਤਮੰਦ ਵਿਕਾਸ, ਨਿੱਜੀ ਸਫ਼ਾਈ ਅਤੇ ਚੰਗੀਆਂ ਸਿਹਤ ਆਦਤਾਂ ਬਾਰੇ ਜਾਗਰੂਕ ਕਰਨਾ ਸੀ।
ਇਸ ਮੌਕੇ ਸੁੱਖ ਹਾਸਪਿਟਲ ਖਨੌਰੀ ਦੇ ਡਾ. ਨਿਧੀ, ਗਾਇਨੀਕੋਲੋਜਿਸਟ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਸ਼ੋਰ ਅਵਸਥਾ ਦੌਰਾਨ ਹੋਣ ਵਾਲੀਆਂ ਸਰੀਰਕ ਅਤੇ ਸਿਹਤ ਸਬੰਧੀ ਤਬਦੀਲੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲੜਕੀਆਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ, ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਕਿਸੇ ਵੀ ਸਿਹਤ ਸਮੱਸਿਆ ਸਬੰਧੀ ਸਹੀ ਮਾਰਗਦਰਸ਼ਨ ਲੈਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸਕੂਲ ਦੇ ਚੇਅਰਮੈਨ ਅਮਨਦੀਪ ਕੌਰ ਹੁੰਦਲ ਨੇ ਵੀ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਹਤ ਸਬੰਧੀ ਜਾਗਰੂਕਤਾ ਹਰ ਲੜਕੀ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਆਤਮ-ਵਿਸ਼ਵਾਸ ਨਾਲ ਅੱਗੇ ਵਧਣ, ਆਪਣੀ ਸਿਹਤ ਦਾ ਖ਼ਿਆਲ ਰੱਖਣ ਅਤੇ ਜੀਵਨ ਵਿੱਚ ਸਕਾਰਾਤਮਕ ਸੋਚ ਅਪਣਾਉਣ ਲਈ ਪ੍ਰੇਰਿਤ ਕੀਤਾ।
ਸੈਮੀਨਾਰ ਦੌਰਾਨ ਵਿਦਿਆਰਥਣਾਂ ਨੂੰ ਆਪਣੇ ਸਵਾਲ ਪੁੱਛਣ ਅਤੇ ਸਹੀ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਵੀ ਮਿਲਿਆ। ਇਹ ਸੈਮੀਨਾਰ ਲੜਕੀਆਂ ਲਈ ਬਹੁਤ ਹੀ ਲਾਭਦਾਇਕ ਅਤੇ ਜਾਣਕਾਰੀ ਭਰਪੂਰ ਸਾਬਤ ਹੋਇਆ।
ਸਕੂਲ ਪ੍ਰਬੰਧਕਾਂ ਵੱਲੋਂ ਸੁੱਖ ਹਾਸਪਿਟਲ ਅਤੇ ਡਾ. ਨਿਧੀ ਦੇ ਇਸ ਮਹੱਤਵਪੂਰਨ ਉਪਰਾਲੇ ਲਈ ਧੰਨਵਾਦ ਕੀਤਾ ਗਿਆ। ਸੈਮੀਨਾਰ ਦਾ ਸੰਦੇਸ਼ ਸੀ ਕਿ ਜਾਗਰੂਕ ਲੜਕੀ ਹੀ ਆਤਮ-ਵਿਸ਼ਵਾਸੀ ਲੜਕੀ ਹੈ ਅਤੇ ਸਿਹਤਮੰਦ ਕਿਸ਼ੋਰ ਅਵਸਥਾ ਹੀ ਸਿਹਤਮੰਦ ਭਵਿੱਖ ਦੀ ਨੀਂਹ ਹੈ।