
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਿੱਖਿਆ ਸੰਸਥਾਵਾਂ ਵਿੱਚ ਜਾਗਰੂਕਤਾ ਸਮਾਗਮ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਨਸ਼ਾ ਮੁਕਤੀ ਚੇਤਨਾ ਸੰਘ (ਪੰਜਾਬ) ਵੱਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਸੁਚੇਤ ਕਰਨ ਅਤੇ ‘ਨਸ਼ਿਆਂ ਤੋਂ ਆਜ਼ਾਦੀ’ ਦੇ ਸੰਕਲਪ ਨੂੰ ਘਰ-ਘਰ ਪਹੁੰਚਾਉਣ ਲਈ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਡਾ. ਜਸਪਾਲ ਸਿੰਘ ਵੱਲੋਂ ਦੋ ਵਿੱਦਿਅਕ ਸੰਸਥਾਵਾਂ ਵਿੱਚ ਪ੍ਰਭਾਵਸ਼ਾਲੀ ਜਾਗਰੂਕਤਾ ਸਮਾਗਮ ਕੀਤੇ ਗਏ।
ਵਿੱਦਿਆ ਰਤਨ ਗਰਲਜ਼ ਕਾਲਜ ਲਹਿਰਾਗਾਗਾ ਵਿਖੇ ਕਰਵਾਏ ਗਏ ਸਮਾਗਮ ਵਿੱਚ ਲਗਭਗ 350 ਵਿਦਿਆਰਥੀਆਂ ਅਤੇ ਅਧਿਆਪਕਾਂ, ਜਦਕਿ ਕੇਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਲੱਗਭੱਗ 170 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਤਰ੍ਹਾਂ ਦੋਵਾਂ ਸਮਾਗਮਾਂ ਰਾਹੀਂ 520 ਦੇ ਕਰੀਬ ਵਿਦਿਆਰਥੀਆਂ ਅਤੇ ਅਧਿਆਪਕਾਂ ਤੱਕ ਨਸ਼ਾ ਮੁਕਤੀ ਦਾ ਸਾਰਥਕ ਸੰਦੇਸ਼ ਪਹੁੰਚਾਇਆ ਗਿਆ।
ਇਸ ਮੌਕੇ ਡਾ. ਜਸਪਾਲ ਸਿੰਘ ਨੇ ਨਸ਼ਿਆਂ ਨੂੰ ਕੇਵਲ ਵਿਅਕਤੀਗਤ ਸਮੱਸਿਆ ਨਾ ਮੰਨਦਿਆਂ ਇਸ ਨੂੰ ਪਰਿਵਾਰ, ਸਮਾਜ ਅਤੇ ਰਾਸ਼ਟਰ ਦੇ ਭਵਿੱਖ ਨਾਲ ਜੁੜੀ ਗੰਭੀਰ ਚੁਣੌਤੀ ਦੱਸਿਆ। ਉਨ੍ਹਾਂ ਨੇ ਨੌਜਵਾਨਾਂ ਨੂੰ ਆਪਣੀ ਊਰਜਾ ਸਿੱਖਿਆ, ਖੇਡਾਂ, ਸੱਭਿਆਚਾਰ, ਨੈਤਿਕ ਕਦਰਾਂ-ਕੀਮਤਾਂ ਅਤੇ ਰਾਸ਼ਟਰ ਨਿਰਮਾਣ ਵੱਲ ਲਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਆਜ਼ਾਦੀ ਦਾ ਅਸਲ ਅਰਥ ਉਦੋਂ ਹੀ ਸਾਰਥਕ ਹੋਵੇਗਾ, ਜਦੋਂ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਗੁਲਾਮੀ ਤੋਂ ਮੁਕਤ ਹੋਵੇਗੀ। ਸਮਾਗਮਾਂ ਵਿੱਚ ਡਾ. ਮਨਦੀਪ ਸ਼ਰਮਾ (ਪ੍ਰਿੰਸੀਪਲ ਵਿੱਦਿਆ ਰਤਨ ਗਰ੍ਲ੍ਸ ਕਾਲਜ) ਅਤੇ ਮੌਂਟੀ ਗਰਗ (ਕੇਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼) ਦਾ ਵਿਸ਼ੇਸ਼ ਸਹਿਯੋਗ ਰਿਹਾ।