ਵਿਸ਼ਵ ਰੇਬੀਜ਼ ਦਿਵਸ ਸਬੰਧੀ ਜਾਗਰੂਕਤਾ ਕੈਂਪ ਲਾਇਆ ਵਿਸ਼ਵ ਰੇਬੀਜ਼ ਦਿਵਸ ਸਬੰਧੀ ਜਾਗਰੂਕਤਾ ਕੈਂਪ ਲਾਇਆ
Publish Date: Fri, 25 Sep 2026 03:29 PM (IST)
Updated Date: Sat, 26 Sep 2026 04:00 AM (IST)
ਰਣਵੀਰ ਸਿੰਘ ਰਾਣਾ, ਪੰਜਾਬੀ ਜਾਗਰਣ, ਅਮਰਗੜ੍ਹ : ਹਰ ਸਾਲ 28 ਸਤੰਬਰ ਨੂੰ ਵਿਸ਼ਵ ਪੱਧਰ ’ਤੇ ‘ਵਿਸ਼ਵ ਰੇਬੀਜ਼ ਦਿਵਸ’ ਮਨਾਇਆ ਜਾਂਦਾ ਹੈ, ਜਿਸ ਦਾ ਉਦੇਸ਼ ਲੋਕਾਂ ਨੂੰ ਰੇਬੀਜ਼ ਵਰਗੀ ਘਾਤਕ ਬਿਮਾਰੀ ਪ੍ਰਤੀ ਜਾਗਰੂਕ ਕਰਨਾ ਅਤੇ ਇਸ ਦੀ ਰੋਕਥਾਮ ਤੇ ਖਾਤਮੇ ਲਈ ਸਾਂਝੇ ਯਤਨਾਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਸਾਲ ਵਿਸ਼ਵ ਰੇਬੀਜ਼ ਦਿਵਸ ਦਾ ਥੀਮ ਇਕੱਠੇ ਹੋ ਕੇ ਵਧੇਰੇ ਮਜ਼ਬੂਤ ਹੈ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕਰਦੇ ਦੱਸਿਆ ਗਿਆ ਕਿ ਰੇਬੀਜ਼ ਦੀ ਰੋਕਥਾਮ ਕਿਸੇ ਇੱਕ ਵਿਅਕਤੀ ਜਾਂ ਵਿਭਾਗ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਿਹਤ ਵਿਭਾਗ, ਪਸ਼ੂ ਪਾਲਣ ਵਿਭਾਗ, ਸਥਾਨਕ ਸੰਸਥਾਵਾਂ, ਪਸ਼ੂ-ਭਲਾਈ ਸੰਸਥਾਵਾਂ ਅਤੇ ਆਮ ਲੋਕਾਂ ਦੇ ਸਾਂਝੇ ਯਤਨਾਂ ਨਾਲ ਹੀ ਰੇਬੀਜ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਜਾ ਸਕਦਾ ਹੈ। ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਮਿਊਨਿਟੀ ਹੈਲਥ ਸੈਂਟਰ ਅਮਰਗੜ੍ਹ ਵਿਖੇ ਕਾਰਜਕਾਰੀ ਐੱਸਐੱਮਓ ਡਾ. ਰਮਨਦੀਪ ਸਿੰਘ ਦੀ ਅਗਵਾਈ ਹੇਠ 22 ਤੋਂ 28 ਸਤੰਬਰ ਤੱਕ ਮਨਾਏ ਜਾ ਰਹੇ ਜਾਗਰੂਕਤਾ ਹਫ਼ਤੇ ਦੌਰਾਨ ਲੋਕਾਂ ਨੂੰ ਰੇਬੀਜ਼ ਦੀ ਬਿਮਾਰੀ, ਇਸ ਦੇ ਲੱਛਣਾਂ, ਫੈਲਣ ਦੇ ਸੰਭਾਵੀ ਢੰਗ ਅਤੇ ਬਚਾਅ ਦੇ ਉਪਾਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਕੁੱਤੇ ਜਾਂ ਕਿਸੇ ਹੋਰ ਸ਼ੱਕੀ ਜਾਨਵਰ ਦੇ ਕੱਟਣ ਦੀ ਸੂਰਤ ਵਿੱਚ ਜ਼ਖ਼ਮ ਨੂੰ ਤੁਰੰਤ ਸਾਬਣ ਅਤੇ ਵਗਦੇ ਪਾਣੀ ਨਾਲ ਚੰਗੀ ਤਰ੍ਹਾਂ ਧੋਣ ਉਪਰੰਤ ਬਿਨਾਂ ਦੇਰੀ ਨਜ਼ਦੀਕੀ ਸਿਹਤ ਕੇਂਦਰ ਵਿਖੇ ਪਹੁੰਚ ਕੇ ਡਾਕਟਰੀ ਸਲਾਹ ਅਨੁਸਾਰ ਐਂਟੀ-ਰੇਬੀਜ਼ ਇਲਾਜ ਅਤੇ ਟੀਕਾਕਰਨ ਜਰੂਰ ਕਰਵਾਇਆ ਜਾਵੇ। ਇਸ ਦੌਰਾਨ ਪਾਲਤੂ ਅਤੇ ਆਵਾਰਾ ਕੁੱਤਿਆਂ ਦੇ ਟੀਕਾਕਰਨ, ਸਕੂਲਾਂ ਵਿੱਚ ਸਿਹਤ ਸਿੱਖਿਆ, ਜਾਗਰੂਕਤਾ ਗਤੀਵਿਧੀਆਂ, ਪਸ਼ੂ-ਭਲਾਈ ਸੰਸਥਾਵਾਂ ਨਾਲ ਸਹਿਯੋਗ ਅਤੇ ਰੇਬੀਜ਼ ਦੇ ਮਾਮਲਿਆਂ ਦੀ ਨਿਗਰਾਨੀ ਤੇ ਡਾਟਾ ਇਕੱਤਰ ਕਰਨ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।