- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਾਲੀ ਦੀ ਖੇਤ ਵਿੱਚ ਸੰਭਾਲ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ ਸਬੰਧੀ ਜਾਗਰੂਕਤਾ ਕੈਂਪ

ਕਰਨਵੀਰ ਸਿੰਘ, ਪੰਜਾਬੀ ਜਾਗਰਣ,
ਲੌਂਗੋਵਾਲ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ , ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਅਗਵਾਈ ਹੇਠ ਸਲਾਹਕਾਰ ਸੇਵਾ ਕੇਂਦਰ , ਸੰਗਰੂਰ ਵੱਲੋਂ ਪਿੰਡ ਲੌਂਗੋਵਾਲ (ਬਟੂਹਾ ਖੁਰਦ) ਵਿਖੇ ਖੇਤੀ ਰਹਿੰਦ-ਖੂੰਹਦ ਦੀ ਖੇਤ ਵਿੱਚ ਸੰਭਾਲ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ ਸਬੰਧੀ ਪਿੰਡ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਸ਼ੋਕ ਕੁਮਾਰ ਗਰਗ, ਸੀਨੀਅਰ ਪਸਾਰ ਵਿਗਿਆਨੀ (ਮਿੱਟੀ ਵਿਗਿਆਨ) ਨੇ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰਨ ਅਤੇ ਵਾਤਾਵਰਣ ਪੱਖੋਂ ਸੁਰੱਖਿਅਤ ਤੇ ਟਿਕਾਊ ਪਰਾਲੀ ਪ੍ਰਬੰਧਨ ਤਰੀਕੇ ਅਪਣਾਉਣ ਦੀ ਅਪੀਲ ਕੀਤੀ।
ਪਰਾਲੀ ਸਾੜਨ ਨਾਲ ਹੋਣ ਵਾਲੇ ਵੱਡੇ ਪੌਸ਼ਟਿਕ ਤੱਤਾਂ ਦੇ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਡਾ. ਗਰਗ ਨੇ ਦੱਸਿਆ ਕਿ ਇੱਕ ਟਨ ਝੋਨੇ ਦੀ ਪਰਾਲੀ ਸਾੜਨ ਨਾਲ ਲਗਭਗ 400 ਕਿਲੋ ਜੈਵਿਕ ਕਾਰਬਨ, 5.5 ਕਿੱਲੋ ਨਾਈਟ੍ਰੋਜਨ, 2.3 ਕਿੱਲੋ ਫਾਸਫੋਰਸ, 25 ਕਿੱਲੋ ਪੋਟਾਸ਼ੀਅਮ ਅਤੇ 1.2 ਕਿਲੋੱ ਗੰਧਕ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੀਮਤੀ ਤੱਤਾਂ ਨੂੰ ਸਾੜਨ ਦੀ ਬਜਾਏ ਢੁਕਵੇਂ ਪਰਾਲੀ ਪ੍ਰਬੰਧਨ ਤਰੀਕਿਆਂ ਰਾਹੀਂ ਖੇਤ ਵਿੱਚ ਹੀ ਸੰਭਾਲ ਕੇ ਮੁੜ ਮਿੱਟੀ ਵਿੱਚ ਮਿਲਾਇਆ ਜਾਣਾ ਚਾਹੀਦਾ ਹੈ, ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਜੈਵਿਕ ਸਿਹਤ ਵਿੱਚ ਸੁਧਾਰ ਹੁੰਦਾ ਹੈ।
ਡਾ. ਗਰਗ ਨੇ ਇਨ-ਸਿਟੂ ਪਰਾਲੀ ਪ੍ਰਬੰਧਨ ਦੀਆਂ ਵੱਖ-ਵੱਖ ਤਕਨੀਕਾਂ, ਜਿਵੇਂ ਕਿ ਹੈਪੀ ਸੀਡਰ, ਸੁਪਰ ਸੀਡਰ, ਪੀਏਯੂ ਸਮਾਰਟ ਸੀਡਰ ਅਤੇ ਸਰਫੇਸ ਸੀਡਿੰਗ-ਕਮ-ਮਲਚਿੰਗ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਕਨੀਕਾਂ ਦੀ ਵਰਤੋਂ ਨਾਲ ਪਰਾਲੀ ਨੂੰ ਸਾੜੇ ਬਿਨਾਂ ਕਣਕ ਦੀ ਸਮੇਂ ਸਿਰ ਬਿਜਾਈ ਕੀਤੀ ਜਾ ਸਕਦੀ ਹੈ।
ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਸਿਫ਼ਾਰਸ਼ਸ਼ੁਦਾ ਜੈਵਿਕ ਖਾਦ ਮਿਸ਼ਰਣ ਦੀ ਵਰਤੋਂ, ਇਸ ਦੇ ਲਾਭ ਅਤੇ ਸਹੀ ਵਰਤੋਂ ਵਿਧੀ ਬਾਰੇ ਵੀ ਜਾਣਕਾਰੀ ਦਿੱਤੀ ਗਈ। ਵਿਸ਼ੇਸ਼ ਤੌਰ ’ਤੇ ਨਵੀਂ ਸਿਫ਼ਾਰਸ਼ ਕੀਤੀ ਉੱਚ ਝਾੜ ਵਾਲੀ ਕਣਕ ਦੀ ਕਿਸਮ ਪੀਬੀਡਵਲਯੂ 887 ਬਾਰੇ ਜਾਣਕਾਰੀ ਦਿੱਤੀ ਗਈ, ਜੋ ਲਗਭਗ 155 ਦਿਨਾਂ ਵਿੱਚ ਪੱਕਦੀ ਹੈ ਅਤੇ ਇਸ ਦਾ ਔਸਤ ਝਾੜ 24.60 ਕੁਇੰਟਲ ਪ੍ਰਤੀ ਏਕੜ ਹੈ। ਇਸ ਤੋਂ ਇਲਾਵਾ ਪੀਬੀਡਵਲਯੂ872 ਅਤੇ ਪੀਬੀਡਵਲਯੂ 826 ਦੇ ਨਾਲ-ਨਾਲ ਵਿਸ਼ੇਸ਼ ਗੁਣਾਂ ਵਾਲੀਆਂ ਕਿਸਮਾਂ ਪੀਬੀਡਵਲਯੂ 2 ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ।
ਡਾ. ਗਰਗ ਨੇ ਕਿਸਾਨਾਂ ਨੂੰ ਹਾੜ੍ਹੀ ਦੇ ਫ਼ਸਲੀ ਚੱਕਰ ਵਿੱਚ ਦਾਲਾਂ ਅਤੇ ਤੇਲਬੀਜ ਫ਼ਸਲਾਂ ਨੂੰ ਸ਼ਾਮਲ ਕਰਕੇ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਸੰਤੁਲਿਤ ਪੌਸ਼ਟਿਕ ਤੱਤ ਪ੍ਰਬੰਧਨ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਘਰੇਲੂ ਖਪਤ ਅਤੇ ਪੋਸ਼ਣ ਸੁਰੱਖਿਆ ਲਈ ਵਿਸ਼ੇਸ਼ ਤੌਰ ’ਤੇ ਗੋਭੀ ਸਰ੍ਹੋਂ (ਜੀ 7), ਛੋਲੇ (ਪੀਬੀਜੀ 10) ਅਤੇ ਮਟਰ (ਪੀਬੀ 90) ਦੀ ਕਾਸ਼ਤ ਕਰਨ ਦੀ ਸਲਾਹ ਦਿੱਤੀ।