ਅਹਿਮਦਗੜ੍ਹ ਦੇ ਅਵਤਾਰ ਨੰਨੜੇ ਨੇ ਕੈਨੇਡਾ ’ਚ ਲਾਏ ਨਿਸ਼ਾਨੇ ਅਹਿਮਦਗੜ੍ਹ ਦੇ ਅਵਤਾਰ ਨੰਨੜੇ ਨੇ ਕੈਨੇਡਾ ’ਚ ਲਾਏ ਨਿਸ਼ਾਨੇ
Publish Date: Tue, 25 Aug 2026 04:26 PM (IST)
Updated Date: Wed, 26 Aug 2026 04:01 AM (IST)
ਮਹਾਂਵੀਰ ਗੋਇਲ, ਪੰਜਾਬੀ ਜਾਗਰਣ, ਅਹਿਮਦਗੜ੍ਹ : ਪੰਜਾਬ ਦੇ ਛੋਟੇ ਜਿਹੇ ਸ਼ਹਿਰ ਅਹਿਮਦਗੜ੍ਹ ਨਾਲ ਸਬੰਧਤ ਅਵਤਾਰ ਨੰਨੜੇ ਨੇ ਕੈਨੇਡਾ ਵਿੱਚ ਨਿਸ਼ਾਨੇਬਾਜ਼ੀ ਦੇ ਖੇਤਰ ਵਿੱਚ ਇਤਿਹਾਸ ਰਚਦਿਆਂ 142ਵੀਂ ਕੈਨੇਡੀਅਨ ਫੁੱਲਬੋਰ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੋ ਪ੍ਰਮੁੱਖ ਵਿਅਕਤੀਗਤ ਖਿਤਾਬ ਆਪਣੇ ਨਾਮ ਕੀਤੇ ਹਨ। ਐਡਮੰਟਨ, ਓਨਟਾਰੀਓ ਵਿੱਚ ਰਹਿੰਦੇ ਅਵਤਾਰ ਨੰਨੜੇ ਇਸ ਮੁਕਾਬਲੇ ਵਿੱਚ ਮਾਣਯੋਗ ਗਵਰਨਰ ਜਨਰਲ ਪੁਰਸਕਾਰ ਅਤੇ ਕੈਨੇਡੀਅਨ ਗੋਲਡ ਕਰਾਸ (ਗ੍ਰੈਂਡ ਐਗਰੀਗੇਟ) ਜਿੱਤਣ ਵਾਲੇ ਸਿਰਫ਼ ਤੀਜੇ ਵਿਅਕਤੀ ਬਣ ਗਏ ਹਨ। ਇਹ ਦੋਵੇਂ ਖਿਤਾਬ ਨਿਸ਼ਾਨੇਬਾਜ਼ੀ ਦੇ ਖੇਤਰ ਵਿੱਚ ਬੇਹੱਦ ਵੱਕਾਰੀ ਮੰਨੇ ਜਾਂਦੇ ਹਨ। ਇਹ ਮੁਕਾਬਲਾ ਕੈਨੇਡੀਅਨ ਫੋਰਸਿਜ਼ ਬੇਸ ਬੋਰਡਨ, ਓਨਟਾਰੀਓ ਵਿਖੇ 18 ਤੋਂ 23 ਅਗਸਤ ਤੱਕ ਕਰਵਾਇਆ ਗਿਆ। ਇਸ ਤੋਂ ਪਹਿਲਾਂ 15 ਤੋਂ 17 ਅਗਸਤ ਤੱਕ ਓਨਟਾਰੀਓ ਪ੍ਰੋਵਿੰਸ਼ੀਅਲ ਰਾਈਫਲ ਚੈਂਪੀਅਨਸ਼ਿਪ ਵੀ ਕਰਵਾਈ ਗਈ। ਲਗਪਗ ਅੱਠ ਦਿਨ ਚੱਲੇ ਇਸ ਮੁਕਾਬਲੇ ਵਿੱਚ ਵੱਖ-ਵੱਖ ਦੇਸ਼ਾਂ ਦੇ 96 ਸੈਨਿਕ ਅਤੇ ਨਾਗਰਿਕ ਨਿਸ਼ਾਨੇਬਾਜ਼ਾਂ ਨੇ 300 ਤੋਂ 1,000 ਯਾਰਡ ਤੱਕ ਦੀ ਦੂਰੀ ਤੋਂ ਮੁਕਾਬਲਾ ਕੀਤਾ। ਮਾਣਯੋਗ ਗਵਰਨਰ ਜਨਰਲ ਪੁਰਸਕਾਰ ਵਿੱਚ ਅਵਤਾਰ ਨੰਨੜੇ ਨੇ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਰਫ਼ ਇੱਕ ਅੰਕ ਗੁਆਇਆ ਅਤੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਬਾਅਦ ਗ੍ਰੈਂਡ ਐਗਰੀਗੇਟ ਵਿੱਚ 691.65 ਦਾ ਸਕੋਰ ਹਾਸਲ ਕਰਕੇ ਉਨ੍ਹਾਂ ਨੇ ਕੈਨੇਡੀਅਨ ਗੋਲਡ ਕਰਾਸ ਵੀ ਆਪਣੇ ਨਾਂ ਕਰ ਲਿਆ। ਉਨ੍ਹਾਂ ਇਸ ਮੁਕਾਬਲੇ ਦੇ ਇਤਿਹਾਸ ਵਿੱਚ ਸਿਰਫ਼ ਤੀਜੇ ਵਿਅਕਤੀ ਹਨ, ਜਿਨ੍ਹਾਂ ਨੇ ਇੱਕੋ ਚੈਂਪੀਅਨਸ਼ਿਪ ਵਿੱਚ ਦੋਵੇਂ ਖਿਤਾਬ ਜਿੱਤਣ ਦਾ ਮਾਣ ਹਾਸਲ ਕੀਤਾ ਹੈ। ਇਸੇ ਅੱਠ ਦਿਨਾਂ ਦੇ ਮੁਕਾਬਲਾ ਪ੍ਰੋਗਰਾਮ ਦੌਰਾਨ ਅਵਤਾਰ ਨੰਨੜੇ ਨੇ 14ਵੀਂ ਓਨਟਾਰੀਓ ਪ੍ਰੋਵਿੰਸ਼ੀਅਲ ਰਾਈਫਲ ਚੈਂਪੀਅਨਸ਼ਿਪ ਵਿੱਚ ਵੱਕਾਰੀ ਲੈਫਟੀਨੈਂਟ ਗਵਰਨਰ ਦਾ ਪੁਰਸਕਾਰ ਵੀ ਜਿੱਤਿਆ। ਅੰਤਰਰਾਸ਼ਟਰੀ ਟੀਮ ਮੁਕਾਬਲਿਆਂ ਵਿੱਚ ਵੀ ਅਵਤਾਰ ਨੰਨੜੇ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗਰੇਟ ਬ੍ਟੇਨ ਰਾਈਫਲ ਟੀਮ ਨਾਲ ਮਿਲ ਕੇ ਉਨ੍ਹਾਂ ਨੇ ਅਮਰੀਕਾ ਟੀਮ ਮੈਚ, ਕਾਮਨਵੈਲਥ ਟੀਮ ਮੈਚ ਅਤੇ ਕਨੇਡਾ ਮੈਚ ਤਿੰਨੇ ਮੁਕਾਬਲੇ ਜਿੱਤ ਕੇ ਕਲੀਨ ਸਵੀਪ ਕੀਤਾ। ਆਪਣੀ ਇਸ ਇਤਿਹਾਸਕ ਜਿੱਤ ਬਾਰੇ ਅਵਤਾਰ ਨੰਨੜੇ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਜਿੱਤ ਦੇ ਕਰੀਬ ਪਹੁੰਚਣ ਤੋਂ ਬਾਅਦ ਇਸ ਵਾਰ ਉਨ੍ਹਾਂ ਨੇ ਆਪਣੀ ਮਾਨਸਿਕ ਮਜ਼ਬੂਤੀ ’ਤੇ ਕੰਮ ਕੀਤਾ ਅਤੇ ਨਤੀਜੇ ਦੀ ਚਿੰਤਾ ਕਰਨ ਦੀ ਬਜਾਏ ਆਪਣੀ ਪ੍ਰਕਿਰਿਆ ’ਤੇ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਇਹ ਇਤਿਹਾਸਕ ਉਪਲਬਧੀ ਨਾ ਸਿਰਫ਼ ਕੈਨੇਡਾ ਅਤੇ ਓਨਟਾਰੀਓ ਨਾਲ ਸਬੰਧਤ ਉਨ੍ਹਾਂ ਦੇ ਸਾਥੀਆਂ ਲਈ ਮਾਣ ਦਾ ਵਿਸ਼ਾ ਹੈ, ਸਗੋਂ ਅਹਿਮਦਗੜ੍ਹ ਵਰਗੇ ਆਪਣੇ ਪਿੱਤਰੀ ਸ਼ਹਿਰ ਲਈ ਵੀ ਮਾਣ ਵਾਲੀ ਗੱਲ ਹੈ। ਇਸ ਪ੍ਰਾਪਤੀ ਤੇ ਅਹਿਮਦਗੜ੍ਹ ਤੋਂ ਨਗਰ ਕੌਸਲ ਪ੍ਰਧਾਨ ਕਮਲਜੀਤ ਸਿੰਘ ਉਭੀ, ਪ੍ਰਧਾਨ ਰਾਕੇਸ਼ ਗਰਗ, ਡਾ. ਸੁਨੀਤ ਹਿੰਦ, ਡਾ. ਅਰੁਣ ਵਰਮਾ, ਕੌਂਸਲਰ ਰਿੰਪੀ ਕੜਵਲ, ਡਾ. ਐਸਪੀ ਸੋਫ਼ਤ, ਤਰਲੋਚਨ ਸਿੰਘ ਚਾਪੜਾ, ਡਾ. ਜੱਗੀ ਗਰਚਾ, ਲੱਕੀ ਗਰਚਾ, ਤਰਸੇਮ ਗਰਗ ਨੇ ਅਵਤਾਰ ਨੰਨੜੇ ਦੀ ਪ੍ਰਾਪਤੀ ਦਾ ਸਵਾਗਤ ਕਰਦਿਆਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਹਨ।