- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਰਾਮਾ ਕਲੱਬ ਅਮਰਗੜ੍ਹ ਵੱਲੋਂ ਰਾਮਲੀਲਾ ਦਾ ਸ਼ੁਭ ਆਰੰਭ

‘ਨਾਰਦ ਮੋਹ’ ਦੇ ਮਨਮੋਹਕ ਦ੍ਰਿਸ਼ ਨੇ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ
ਕੁਲਵੰਤ ਸਿੰਘ ਗੱਜਣਮਾਜਰਾ ਅਤੇ ਅੰਮ੍ਰਿਤਪਾਲ ਸਿੰਗਲਾ ਨੇ ਸਾਂਝੇ ਤੌਰ ’ਤੇ ਕੀਤਾ
ਜਸਪਾਲ ਲਾਡੇਵਾਲ, ਪੰਜਾਬੀ ਜਾਗਰਣ,
ਅਮਰਗੜ੍ਹ : ਸ੍ਰੀ ਰਾਮਾ ਕਲੱਬ ਅਮਰਗੜ੍ਹ ਵੱਲੋਂ ਕਲੱਬ ਦੇ ਪ੍ਰਧਾਨ ਪ੍ਰਿੰਸ ਜੋਸ਼ੀ ਦੀ ਪ੍ਰਧਾਨਗੀ ਹੇਠ ਹਰ ਸਾਲ ਦੀ ਤਰ੍ਹਾਂ ਸਥਾਨਕ ਰਾਮਲੀਲ੍ਹਾ ਗਰਾਊਂਡ ਵਿਖੇ ਰਾਮਲੀਲਾ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਮੌਕੇ ਕੁਲਵੰਤ ਸਿੰਘ ਗੱਜਣਮਾਜਰਾ ਅਤੇ ਏਪੀ ਸਿੰਗਲਾ ਟੈਕਸਟਾਈਲ ਦੇ ਐੱਮਡੀ ਅੰਮ੍ਰਿਤਪਾਲ ਸਿੰਗਲਾ ਨੇ ਸਾਂਝੇ ਤੌਰ ’ਤੇ ਰਾਮਲੀਲ੍ਹਾ ਦਾ ਉਦਘਾਟਨ ਕੀਤਾ। ਧਾਰਮਿਕ ਆਸਥਾ ਅਤੇ ਸ਼ਰਧਾ ਨਾਲ ਭਰੇ ਇਸ ਸਮਾਗਮ ਦੌਰਾਨ ਕਲਾਕਾਰਾਂ ਵੱਲੋਂ ਪੇਸ਼ ਕੀਤੇ ਗਏ ਮਨਮੋਹਕ ਦ੍ਰਿਸ਼ਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ।
ਰਾਮਲੀਲ੍ਹਾ ਦੇ ਪਹਿਲੇ ਦਿਨ ‘ਨਾਰਦ ਮੋਹ’ ਦਾ ਦ੍ਰਿਸ਼ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਭਾਵਨਾਤਮਕ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਵਿੱਚ ਚਮਨ ਲਾਲ ਨੇ ਨਾਰਦ ਮੁਨੀ, ਜਤਿੰਦਰ ਟਿੰਡਨ ਨੇ ਭਗਵਾਨ ਵਿਸ਼ਨੂੰ ਅਤੇ ਸੇਵਾਮੁਕਤ ਐੱਸਐੱਚਓ ਰਾਕੇਸ਼ ਕੁਮਾਰ ਨੇ ਭਗਵਾਨ ਸ਼ਿਵ ਦਾ ਸ਼ਾਨਦਾਰ ਕਿਰਦਾਰ ਨਿਭਾਇਆ। ਕਲਾਕਾਰਾਂ ਦੀ ਬਿਹਤਰੀਨ ਅਦਾਕਾਰੀ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਇਸ ਦੌਰਾਨ ਵੇਦ ਮੰਦਰ ਦੇ ਪੰਡਿਤ ਪ੍ਰਵੀਨ ਸ਼ਰਮਾ ਨੇ ਰਾਮਾਇਣ ਦੀਆਂ ਪਵਿੱਤਰ ਪੰਗਤੀਆਂ ਅਤੇ ਆਰਤੀ ਦਾ ਸ਼ਰਧਾਪੂਰਵਕ ਗਾਇਨ ਕਰਵਾਇਆ, ਜਿਸ ਨਾਲ ਸਮੁੱਚਾ ਮਾਹੌਲ ਭਗਤੀਮਈ ਹੋ ਗਿਆ।
ਇਸ ਮੌਕੇ ਡਾ. ਹਰਜੀਤ ਕੌਸ਼ਲ, ਪ੍ਰਧਾਨ ਵਿਜੇ ਕੁਮਾਰ ਸ਼ਰਮਾ, ਐੱਸਡੀਓ ਰਾਹੁਲ ਸ਼ਰਮਾ, ਐੱਸਡੀਓ ਪ੍ਰਿੰਸ ਮੋਦੀ, ਜੀਵਨ ਲਾਲ ਸਿੰਗਲਾ, ਕਲੱਬ ਦੇ ਬੁਲਾਰੇ ਪ੍ਰਵੀਨ ਸਿੰਗਲਾ, ਹਰਿੰਦਰ ਬਿੱਟੂ, ਸ਼ਿਵ ਭਾਰਦਵਾਜ, ਦੁਰਗਾ ਦਾਸ ਜੋਸ਼ੀ, ਸ਼ਹਿਰੀ ਪ੍ਰਧਾਨ ਮਹਿੰਦਰ ਸਿੰਘ, ਚੇਅਰਮੈਨ ਹੈਪੀ, ਡਾ. ਅਵਤਾਰ ਸਿੰਘ, ਰਾਕੇਸ਼ ਗੁਪਤਾ ਅਤੇ ਵਾਲਮੀਕ ਸਭਾ ਵੱਲੋਂ ਗੁਰਮੇਲ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਈਆਂ।
ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਦੀਪਕ ਕੌੜਾ, ਗੁਰਵੀਰ ਸਿੰਘ, ਐਮਸੀ ਸਵਰਨ ਸਿੰਘ ਅਤੇ ਜਗਦੀਸ਼ ਸਿੰਗਲਾ ਨੇ ਸ੍ਰੀ ਰਾਮਾ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਦੇ ਨਾਲ-ਨਾਲ ਸਮਾਜ ਵਿੱਚ ਧਾਰਮਿਕ ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ।
ਸ੍ਰੀ ਰਾਮਾ ਕਲੱਬ ਵੱਲੋਂ ਕਰਵਾਈ ਜਾ ਰਹੀ ਇਹ ਰਾਮਲੀਲ੍ਹਾ ਧਾਰਮਿਕ ਪਰੰਪਰਾਵਾਂ ਨੂੰ ਸਾਂਭਣ ਅਤੇ ਭਗਵਾਨ ਸ੍ਰੀ ਰਾਮ ਦੇ ਜੀਵਨ ਨਾਲ ਜੁੜੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਸ਼ਲਾਘਾਯੋਗ ਉਪਰਾਲਾ ਹੈ।