ਬਰਨਾਲਾ ’ਚ ਦਿਨ-ਦਿਹਾੜੇ ਤਲਵਾਰ ਨਾਲ ਹਮਲਾ, ਦੁਕਾਨਦਾਰ ਗੰਭੀਰ ਜ਼ਖਮੀ
ਬਰਨਾਲਾ ’ਚ ਦਿਨ-ਦਿਹਾੜੇ ਤਲਵਾਰ ਨਾਲ ਹਮਲਾ, ਦੁਕਾਨਦਾਰ ਗੰਭੀਰ ਜ਼ਖਮੀ
Publish Date: Thu, 26 Mar 2026 06:51 PM (IST)
Updated Date: Fri, 27 Mar 2026 04:08 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ
ਸਥਾਨਕ ਬੱਸ ਸਟੈਂਡ ਰੋਡ 'ਤੇ ਸਥਿਤ ਮੁੱਖ ਬਾਜ਼ਾਰ ’ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਕੁਝ ਅਣਪਛਾਤੇ ਹਮਲਾਵਰਾਂ ਨੇ ਦਿਨ-ਦਿਹਾੜੇ ਤਲਵਾਰਾਂ ਨਾਲ ਇੱਕ ਦੁਕਾਨ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਦੁਕਾਨ ਦੀ ਭੰਨ-ਤੋੜ ਕੀਤੀ ਤੇ ਨਕਦੀ ਲੁੱਟਣ ਤੋਂ ਬਾਅਦ ਮੌਕੇ ਤੋਂ ਭੱਜ ਗਏ। ਇਸ ਹਮਲੇ ’ਚ ਦੁਕਾਨ ਮਾਲਕ ਗੋਰਾ ਸਿੰਘ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਗੋਰਾ ਸਿੰਘ ਨੂੰ ਤੁਰੰਤ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਅਨੁਸਾਰ ਉਸਦੇ ਸਿਰ ’ਚ ਡੂੰਘੀਆਂ ਸੱਟਾਂ ਲੱਗੀਆਂ ਹਨ। ਇਹ ਸਾਰੀ ਘਟਨਾ ਬਾਜ਼ਾਰ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ, ਜਿਸ ਨਾਲ ਪੁਲਿਸ ਨੂੰ ਜਾਂਚ ’ਚ ਮਦਦ ਮਿਲਣ ਦੀ ਉਮੀਦ ਹੈ। ਘਟਨਾ ਦੇ ਚਸ਼ਮਦੀਦ ਗਵਾਹ ਗੁਰਦੀਪ ਸਿੰਘ ਨੇ ਦੱਸਿਆ ਕਿ ਲਗਭਗ ਪੰਜ ਤੋਂ ਛੇ ਨੌਜਵਾਨ ਅਚਾਨਕ ਤੇਜ਼ਧਾਰ ਹਥਿਆਰਾਂ ਨਾਲ ਦੁਕਾਨ ਵਿੱਚ ਦਾਖਲ ਹੋਏ ਅਤੇ ਹਮਲਾ ਕਰ ਦਿੱਤਾ। ਉਨ੍ਹਾਂ ਸੁਝਾਅ ਦਿੱਤਾ ਕਿ ਇਹ ਹਮਲਾ ਕਿਸੇ ਪੁਰਾਣੇ ਝਗੜੇ ਦਾ ਨਤੀਜਾ ਹੋ ਸਕਦਾ ਹੈ। ਗੁਰਦੀਪ ਦੇ ਅਨੁਸਾਰ, ਉਨ੍ਹਾਂ ਦੇ ਸੈਲੂਨ ’ਚ ਕੰਮ ਕਰਨ ਵਾਲੀ ਇੱਕ ਕੁੜੀ ਦੀ ਪਿਛਲੇ ਦਿਨ ਕੁਝ ਲੋਕਾਂ ਨਾਲ ਲੜਾਈ ਹੋ ਗਈ ਸੀ। ਗੁਰਦੀਪ ਸਿੰਘ ਨੇ ਦੱਸਿਆ ਕਿ ਹਮਲਾਵਰ ਅਸਲ ’ਚ ਉਨ੍ਹਾਂ ਦੀ ਦੁਕਾਨ 'ਤੇ ਹਮਲਾ ਕਰਨ ਲਈ ਆਏ ਸਨ, ਪਰ ਕਿਉਂਕਿ ਉਨ੍ਹਾਂ ਦੀ ਦੁਕਾਨ ਬੰਦ ਸੀ, ਉਨ੍ਹਾਂ ਨੇ ਗੋਰਾ ਸਿੰਘ ਦੀ ਮਲਕੀਅਤ ਵਾਲੇ ਨੇੜਲੇ ਸੈਲੂਨ ਨੂੰ ਨਿਸ਼ਾਨਾ ਬਣਾਇਆ। ਇਸ ਘਟਨਾ ਨਾਲ ਸਥਾਨਕ ਕਾਰੋਬਾਰਾਂ ਤੇ ਨਿਵਾਸੀਆਂ ’ਚ ਗੁੱਸਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਸ਼ਹਿਰ ਵਿੱਚ ਅਜਿਹੀਆਂ ਘਟਨਾਵਾਂ ਵੱਧ ਰਹੀਆਂ ਹਨ। ਲੋਕਾਂ ਨੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।