ਡੀਸੀ ਨੂੰ ਮੰਗ ਪੱਤਰ ਸੌਂਪ ਕੇ ਮਜ਼ਦੂਰਾਂ ਦੀ ਆਵਾਜ਼ ਕੀਤੀ ਬੁਲੰਦ ਡੀਸੀ ਨੂੰ ਮੰਗ ਪੱਤਰ ਸੌਂਪ ਕੇ ਮਜ਼ਦੂਰਾਂ ਦੀ ਆਵਾਜ਼ ਬੁਲੰਦ ਕੀਤੀ
Publish Date: Fri, 21 Aug 2026 03:45 PM (IST)
Updated Date: Sat, 22 Aug 2026 04:00 AM (IST)
ਮਹਾਂਵੀਰ ਗੋਇਲ, ਪੰਜਾਬੀ ਜਾਗਰਣ, ਅਹਿਮਦਗੜ੍ਹ : ਭਾਰਤੀ ਮਜ਼ਦੂਰ ਸੰਘ ਅਤੇ ਸ਼੍ਰੇਯੰਸ ਪੇਪਰ ਮਿੱਲ ਨਾਲ ਜੁੜੀਆਂ ਮਜ਼ਦੂਰ ਯੂਨੀਅਨ ਦੇ ਅਧਿਕਾਰੀਆਂ ਅਤੇ ਵਰਕਰਾਂ ਨੇ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਸੌਂਪਿਆ, ਜਿਸ ਵਿੱਚ ਸਰਕਾਰ ਤੋਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਗਈ। ਪ੍ਰਦਰਸ਼ਨ ਦੌਰਾਨ ਯੂਨੀਅਨ ਦੇ ਅਧਿਕਾਰੀਆਂ ਨੇ ਕਿਹਾ ਕਿ ਮਹਿੰਗਾਈ, ਬੇਰੁਜ਼ਗਾਰੀ, ਠੇਕੇਦਾਰੀ ਪ੍ਰਬੰਧ, ਨਿੱਜੀਕਰਨ ਅਤੇ ਬਾਹਰੀ ਏਜੰਸੀਆਂ ਰਾਹੀਂ ਭਰਤੀ ਕਾਰਨ ਮਜ਼ਦੂਰ ਵਰਗ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਘੱਟੋ-ਘੱਟ ਮਾਸਿਕ ਉਜਰਤ 30,000 ਰੁਪਏ ਕਰਨ, ਅਸਥਾਈ ਅਤੇ ਠੇਕੇ ਤੇ ਰੱਖੇ ਕਰਮਚਾਰੀਆਂ ਨੂੰ ਨਿਯਮਤ ਕਰਨ ਅਤੇ ਬਰਾਬਰ ਕੰਮ ਲਈ ਬਰਾਬਰ ਤਨਖਾਹ ਲਾਗੂ ਕਰਨ ਦੀ ਮੰਗ ਕੀਤੀ। ਯੂਨੀਅਨ ਨੇ ਪੁਰਾਣੀ ਪੈਨਸ਼ਨ ਪ੍ਰਣਾਲੀ ਨੂੰ ਬਹਾਲ ਕਰਨ, ਕਰਮਚਾਰੀਆਂ ਨੂੰ ਲੰਬਿਤ ਮਹਿੰਗਾਈ ਭੱਤਿਆਂ ਦੀ ਅਦਾਇਗੀ, ਸਰਕਾਰੀ ਵਿਭਾਗਾਂ ਵਿੱਚ ਖਾਲੀ ਅਸਾਮੀਆਂ ਤੇ ਨਿਯਮਤ ਭਰਤੀ ਅਤੇ ਗ੍ਰੈਚੁਟੀ ਦੀ ਵੱਧ ਤੋਂ ਵੱਧ ਸੀਮਾ 40 ਲੱਖ ਕਰਨ ਦੀ ਮੰਗ ਵੀ ਕੀਤੀ। ਆਸ਼ਾ, ਆਂਗਣਵਾੜੀ, ਮਿਡ-ਡੇਅ ਮੀਲ ਅਤੇ ਐੱਨਐੱਚਐੱਮ ਕਰਮਚਾਰੀਆਂ ਨੂੰ ਨਿਯਮਤ ਸਰਕਾਰੀ ਕਰਮਚਾਰੀ ਦਾ ਦਰਜਾ ਦੇਣ ਦੀ ਮੰਗ ਕੀਤੀ ਗਈ। ਕੇਂਦਰ ਸਰਕਾਰ ਨੂੰ ਕਰਮਚਾਰੀ ਪੈਨਸ਼ਨ ਯੋਜਨਾ ਤਹਿਤ ਘੱਟੋ-ਘੱਟ ਮਾਸਿਕ ਪੈਨਸ਼ਨ 7,500 ਕਰਨ, ਈਐੱਸਆਈ ਤਨਖਾਹ ਸੀਮਾ 21,000 ਤੋਂ ਵਧਾ ਕੇ 42,000 ਕਰਨ ਅਤੇ ਈਪੀਐੱਫ ਸੀਮਾ 15,000 ਤੋਂ ਵਧਾ ਕੇ 30,000 ਕਰਨ ਦੀ ਮੰਗ ਵੀ ਕੀਤੀ ਗਈ। ਵਫ਼ਦ ਵਿੱਚ ਰਾਜਮਨੀ ਯਾਦਵ, ਮਹਿੰਦਰ ਯਾਦਵ, ਜ਼ੋਰਾ ਸਿੰਘ, ਅਸ਼ੋਕ ਸਿੰਘ, ਬ੍ਰਜੇਸ਼ ਪ੍ਰਜਾਪਤੀ, ਸ਼੍ਰੇਆਂਸ ਪੇਪਰ ਮਿੱਲ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ, ਸਤਪਾਲ ਸਿੰਘ, ਅਰਵਿੰਦ ਯਾਦਵ, ਸਿਪਾਹੀ ਲਾਲ, ਜੀਵਨ ਸਿੰਘ ਸ਼ਾਮਲ ਸਨ।