
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਹਿਲਾਵਾਂ ਨੂੰ ਸਵੈ-ਨਿਰਭਰ ਬਣਾਉਣ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ

ਸੱਤਪਾਲ ਕਾਲਾਬੂਲਾ/ਜਸਪਾਲ ਲਾਡੇਵਾਲ, ਪੰਜਾਬੀ ਜਾਗਰਣ,
ਮਾਲੇਰਕੋਟਲਾ : ਪੇਂਡੂ ਔਰਤਾਂ ਨੂੰ ਸਵੈ-ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾ ਕੇ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਡੀਸੀ ਵਿਰਾਜ ਐੱਸ. ਤਿੜਕੇ ਨੇ ਪਿੰਡ ਬਾਗੜੀਆਂ ਦਾ ਦੌਰਾ ਕੀਤਾ ਅਤੇ ਸਵੈ ਸਹਾਇਤਾ ਗਰੁੱਪਾਂ ਨਾਲ ਜੁੜੀਆਂ ਔਰਤਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਮਹਿਲਾਵਾਂ ਵੱਲੋਂ ਤਿਆਰ ਕੀਤੇ ਜਾ ਰਹੇ ਉਤਪਾਦਾਂ, ਉਤਪਾਦਨ ਪ੍ਰਕਿਰਿਆ, ਵਿਕਰੀ ਅਤੇ ਕਾਰੋਬਾਰ ਦੇ ਵਿਸਥਾਰ ਬਾਰੇ ਜਾਣਕਾਰੀ ਹਾਸਲ ਕੀਤੀ।
ਉਨ੍ਹਾਂ ਕਿਹਾ ਕਿ ਸਵੈ ਸਹਾਇਤਾ ਗਰੁੱਪ ਪੇਂਡੂ ਮਹਿਲਾਵਾਂ ਨੂੰ ਆਪਣੇ ਹੁਨਰ ਨੂੰ ਆਮਦਨ ਦੇ ਸਾਧਨ ਵਿੱਚ ਬਦਲਣ ਲਈ ਮਜ਼ਬੂਤ ਮੰਚ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਹਿਲਾਵਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਦੀ ਗੁਣਵੱਤਾ, ਪੈਕਿੰਗ ਅਤੇ ਮਾਰਕੀਟਿੰਗ ਨੂੰ ਬਿਹਤਰ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਉਨ੍ਹਾਂ ਮਹਿਲਾਵਾਂ ਨੂੰ ਉਤਪਾਦਾਂ ਦੀ ਗੁਣਵੱਤਾ ਬਰਕਰਾਰ ਰੱਖਣ, ਆਕਰਸ਼ਕ ਪੈਕਿੰਗ ਅਤੇ ਨਵੀਆਂ ਮਾਰਕੀਟਿੰਗ ਤਕਨੀਕਾਂ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਸਿਰਫ਼ ਵਿੱਤੀ ਸਹਾਇਤਾ ਹੀ ਨਹੀਂ, ਸਗੋਂ ਆਪਣੇ ਉਤਪਾਦਾਂ ਲਈ ਵਧੀਆ ਬਾਜ਼ਾਰ ਅਤੇ ਉਚਿਤ ਮੁੱਲ ਵੀ ਮਿਲਣਾ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 397 ਸਵੈ ਸਹਾਇਤਾ ਗਰੁੱਪ ਕਾਰਜਸ਼ੀਲ ਹਨ, ਜਿਨ੍ਹਾਂ ਨਾਲ ਕਰੀਬ 425 ਮੈਂਬਰ ਜੁੜੇ ਹੋਏ ਹਨ। ਇਨ੍ਹਾਂ ਗਰੁੱਪਾਂ ਨੂੰ ਹੁਣ ਤੱਕ 65 ਲੱਖ 20 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਚੁੱਕੀ ਹੈ। ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਸ਼ੁਰੂਆਤੀ ਪੜਾਅ ਵਿੱਚ ਹਰੇਕ ਗਰੁੱਪ ਨੂੰ 30 ਹਜ਼ਾਰ ਰੁਪਏ ਦਾ ਰਿਵਾਲਵਿੰਗ ਫੰਡ ਵੀ ਦਿੱਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਮਹਿਲਾਵਾਂ ਵੱਲੋਂ ਆਵਲੇ, ਗਾਜਰ, ਹਲਦੀ ਅਤੇ ਹਰੀਆਂ ਮਿਰਚਾਂ ਦੇ ਅਚਾਰ ਤੋਂ ਇਲਾਵਾ ਆਵਲਾ ਪਾਊਡਰ, ਆਵਲਾ ਕੈਂਡੀ ਅਤੇ ਹੋਰ ਘਰੇਲੂ ਤੇ ਪੌਸ਼ਟਿਕ ਉਤਪਾਦ ਤਿਆਰ ਕੀਤੇ ਜਾ ਰਹੇ ਹਨ। ਇਨ੍ਹਾਂ ਉਤਪਾਦਾਂ ਦੀ ਸਥਾਨਕ ਪੱਧਰ ’ਤੇ ਵਿਕਰੀ ਤੋਂ ਇਲਾਵਾ ਮੇਲਿਆਂ ਅਤੇ ਪ੍ਰਦਰਸ਼ਨੀਆਂ ਵਿੱਚ ਵੀ ਚੰਗੀ ਮੰਗ ਹੈ।
ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਆਰਥਿਕ ਮਜ਼ਬੂਤੀ ਨਾਲ ਪਰਿਵਾਰਾਂ ਦੇ ਨਾਲ-ਨਾਲ ਪੇਂਡੂ ਅਰਥਵਿਵਸਥਾ ਵੀ ਮਜ਼ਬੂਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਹਿਲਾਵਾਂ ਨੂੰ ਸਿਖਲਾਈ, ਵਿੱਤੀ ਸਹਾਇਤਾ ਅਤੇ ਮਾਰਕੀਟਿੰਗ ਦੇ ਮੌਕਿਆਂ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਅਮ੍ਰਿਤਪਾਲ ਸਿੰਘ, ਵਪਾਰ ਮੰਡਲ ਦੇ ਚੇਅਰਮੈਨ ਅਸ਼ਵਨੀ ਕੁਮਾਰ ਹਾਜ਼ਰ ਸਨ।