- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭੱਠਾ ਸਨਅਤ ਦੀਆਂ ਸਮੱਸਿਆਵਾਂ ਦੇ ਜਲਦ ਹੱਲ ਦਾ ਮਿਲਿਆ ਭਰੋਸਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਪੰਜਾਬ ਭੱਠਾ ਮਾਲਕ ਐਸੋਸੀਏਸ਼ਨ ਦੇ ਇੱਕ ਉੱਚ ਪੱਧਰੀ ਵਫ਼ਦ ਨੇ ਸੂਬੇ ਦੇ ਭੱਠਾ ਮਾਲਕਾਂ ਨੂੰ ਦਰਪੇਸ਼ ਗੰਭੀਰ ਸਮੱਸਿਆਵਾਂ ਦੇ ਹੱਲ ਲਈ ਚੰਡੀਗੜ੍ਹ ਸਥਿਤ ਸਕੱਤਰੇਤ ਵਿਖੇ ਫੂਡ ਐਂਡ ਸਿਵਲ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨਾਲ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਮੇਸ਼ ਮੋਹੀ ਅਤੇ ਜਨਰਲ ਸਕੱਤਰ ਲਖਬੀਰ ਸਿੰਘ ਸੰਧੂ ਦੀ ਅਗਵਾਈ ਵਿੱਚ ਮੀਟਿੰਗ ਕੀਤੀ।ਵਫ਼ਦ ਵੱਲੋਂ ਦੱਸਿਆ ਗਿਆ ਕਿ ਭੱਠਾ ਸਨਅਤ ਲਗਾਤਾਰ ਵਧ ਰਹੀਆਂ ਲਾਗਤਾਂ, ਮਾਈਨਿੰਗ ਫੀਸ ਦੀ ਵਸੂਲੀ, ਲਾਇਸੈਂਸ ਨਵੀਨੀਕਰਨ, ਵਾਤਾਵਰਣ ਸਬੰਧੀ ਨਿਯਮਾਂ ਅਤੇ ਲੇਬਰ ਦੇ ਮਸਲਿਆਂ ਕਾਰਨ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਐਸੋਸੀਏਸ਼ਨ ਅਨੁਸਾਰ ਪੰਜਾਬ ਵਿੱਚ ਪਹਿਲਾਂ ਲਗਭਗ 2,800 ਭੱਠੇ ਸਨ, ਪਰ ਹੁਣ ਇਹ ਗਿਣਤੀ ਘਟ ਕੇ ਕਰੀਬ 1,500 ਤੋਂ 1,600 ਰਹਿ ਗਈ ਹੈ, ਜੋ ਸਨਅਤ ਦੀ ਮੌਜੂਦਾ ਸਥਿਤੀ ਨੂੰ ਦਰਸਾਉਂਦੀ ਹੈ। ਵਫ਼ਦ ਨੇ ਮਾਈਨਿੰਗ ਫੀਸ ਦੀ ਵਸੂਲੀ ਸਬੰਧੀ ਮੁਸ਼ਕਲਾਂ ਸਰਕਾਰ ਦੇ ਧਿਆਨ ਵਿੱਚ ਲਿਆਂਦੀਆਂ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਬੰਦ ਹੋ ਚੁੱਕੇ ਭੱਠਿਆਂ ਨੂੰ ਚਾਲੂ ਭੱਠਿਆਂ ਦੀ ਸੂਚੀ ਤੋਂ ਵੱਖ ਕੀਤਾ ਜਾਵੇ ਅਤੇ 31 ਦਸੰਬਰ 2025 ਤੱਕ ਦੇ ਬਕਾਏ ਸਬੰਧੀ, ਖ਼ਾਸ ਕਰਕੇ ਅਦਾਲਤਾਂ ਵਿੱਚ ਵਿਚਾਰ ਅਧੀਨ ਮਾਮਲਿਆਂ ਵਿੱਚ, ਵਿਆਜ ਮੁਆਫ਼ ਕਰਨ ’ਤੇ ਵਿਚਾਰ ਕੀਤਾ ਜਾਵੇ। ਐਸੋਸੀਏਸ਼ਨ ਨੇ ਜ਼ਿਗ-ਜ਼ੈਗ ਤਕਨੀਕ ਅਪਣਾਉਣ ਵਾਲੇ ਭੱਠਿਆਂ ਦੇ ਸਬੰਧ ਵਿੱਚ ਲੈਂਡ-ਯੂਜ਼ ਨੀਤੀ ਅਤੇ ਲਾਗੂ ਨਿਯਮਾਂ ਦੀ ਸਮੀਖਿਆ ਕਰਨ ਦੀ ਮੰਗ ਕੀਤੀ। ਵਫ਼ਦ ਨੇ ਲੇਬਰ ਸਬੰਧੀ ਮੁੱਦੇ ਉਠਾਉਂਦਿਆਂ ਮੰਗ ਕੀਤੀ ਕਿ ਹੱਥੀਂ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਮਸ਼ੀਨੀ ਲੋਡਿੰਗ ਦੇ ਕੰਮ ਲਈ ਵੱਖ-ਵੱਖ ਸ਼੍ਰੇਣੀਆਂ ਅਤੇ ਉਚਿਤ ਵੇਜ ਸਟਰੱਕਚਰ ਨਿਰਧਾਰਤ ਕੀਤਾ ਜਾਵੇ। ਮੀਟਿੰਗ ਦੌਰਾਨ ਵਫ਼ਦ ਨੇ ਉਮੀਦ ਪ੍ਰਗਟਾਈ ਕਿ ਸਰਕਾਰ ਭੱਠਾ ਮਾਲਕਾਂ ਦੀਆਂ ਜਾਇਜ਼ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਕੇ ਜਲਦ ਹੱਲ ਕੱਢੇਗੀ।
ਇਸ ਮੌਕੇ ਹਾਜ਼ਰ ਪੰਜਾਬ ਭੱਠਾ ਮਾਲਕ ਐਸੋਸੀਏਸ਼ਨ ਦੇ ਚੇਅਰਮੈਨ ਮਨਜਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਮੋਗਾ ਕ੍ਰਿਸ਼ਨ ਕੁਮਾਰ ਗੋਇਲ, ਪ੍ਰਧਾਨ ਲੁਧਿਆਣਾ ਅਸ਼ਵਨੀ ਸ਼ਰਮਾ, ਸਾਬਕਾ ਪ੍ਰਧਾਨ ਪਟਿਆਲਾ ਹਰਸ਼ ਗੁਪਤਾ, ਸਕੱਤਰ ਲਹਿਰਾ ਹੇਮੰਤ ਹਨੀ, ਜਨਰਲ ਸਕੱਤਰ ਪੰਜਾਬ ਲਖਬੀਰ ਸਿੰਘ ਸੰਧੂ, ਸਕੱਤਰ ਮੋਗਾ ਸਰਬਜੀਤ ਸਿੰਘ, ਚੇਅਰਮੈਨ ਲੁਧਿਆਣਾ ਮਿਸਟਰ ਪੁਰੀ ਅਤੇ ਪ੍ਰਧਾਨ ਲਹਿਰਾਗਾਗਾ ਅਸ਼ਵਨੀ ਅਗਰਵਾਲ ਮੌਜੂਦ ਸਨ।