ਆਸ਼ਾ ਵਰਕਰਾਂ ਨੇ ਸ਼ੇਰਪੁਰ ਹਸਪਤਾਲ ਅੱਗੇ ਦਿੱਤਾ ਧਰਨਾ ਆਸ਼ਾ ਵਰਕਰਾਂ ਨੇ ਸ਼ੇਰਪੁਰ ਹਸਪਤਾਲ ਅੱਗੇ ਦਿੱਤਾ ਧਰਨਾ
Publish Date: Thu, 10 Sep 2026 04:07 PM (IST)
Updated Date: Fri, 11 Sep 2026 04:02 AM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ/ਸ਼ੇਰਪੁਰ : ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਬਲਾਕ ਸ਼ੇਰਪੁਰ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ 8 ਤੋਂ 18 ਸਤੰਬਰ ਤੱਕ ਕੀਤੀ ਜਾ ਰਹੀ ਕਲਮ ਛੋੜੋ ਹੜਤਾਲ ਵੀਰਵਾਰ ਨੂੰ ਤੀਜੇ ਦਿਨ ਵੀ ਜਾਰੀ ਰਹੀ। ਵਰਕਰਾਂ ਨੇ ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਅੱਗੇ ਧਰਨਾ ਦੇ ਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਯੂਨੀਅਨ ਆਗੂਆਂ ਨੇ ਕਿਹਾ ਕਿ ਆਸ਼ਾ ਵਰਕਰਾਂ ਵੱਲੋਂ ਸਰਕਾਰੀ ਕੰਮਾਂ ਦੇ ਬਾਈਕਾਟ ਕਾਰਨ ਪਿੰਡਾਂ ਵਿੱਚ ਸਿਹਤ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਟੀਕਾਕਰਨ, ਗਰਭਵਤੀ ਔਰਤਾਂ ਦੀ ਦੇਖਭਾਲ ਅਤੇ ਹੋਰ ਸਿਹਤ ਸਬੰਧੀ ਕੰਮਾਂ ਵਿੱਚ ਆਸ਼ਾ ਵਰਕਰਾਂ ਦੀ ਅਹਿਮ ਭੂਮਿਕਾ ਹੈ। ਬਲਾਕ ਪ੍ਰਧਾਨ ਛਿੰਦਰਪਾਲ ਕੌਰ ਕਾਤਰੋਂ, ਜਸਵਿੰਦਰ ਕੌਰ ਕਿਲਾ ਹਕੀਮਾਂ ਅਤੇ ਕਿਰਨਪਾਲ ਕੌਰ ਖੇੜੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਆਸ਼ਾ ਵਰਕਰਾਂ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ। ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਮਿਲ ਰਹੇ ਇਨਸੈਂਟਿਵ ਵਿੱਚ ਵੀ ਕਟੌਤੀ ਕੀਤੀ ਗਈ ਹੈ, ਜਦਕਿ ਵਰਕਰਾਂ ਨੂੰ ਮਿਲਣ ਵਾਲੇ 2500 ਦੇ ਮਾਣ-ਭੱਤੇ ਵਿੱਚ ਵੀ ਕੋਈ ਵਾਧਾ ਨਹੀਂ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਆਸ਼ਾ ਵਰਕਰਾਂ ਨੂੰ ਸਿਹਤ ਵਿਭਾਗ ਦੀ ‘ਰੀੜ੍ਹ ਦੀ ਹੱਡੀ’ ਕਿਹਾ ਜਾਂਦਾ ਹੈ, ਪਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਦਾ ਰਵੱਈਆ ਨਿਰਾਸ਼ਾਜਨਕ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿਹਤ ਮੰਤਰੀ ਨਾਲ ਕਈ ਮੀਟਿੰਗਾਂ ਹੋਣ ਦੇ ਬਾਵਜੂਦ ਮਸਲੇ ਦਾ ਕੋਈ ਠੋਸ ਹੱਲ ਨਹੀਂ ਨਿਕਲਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਮਾਣ-ਭੱਤਾ ਦੁੱਗਣਾ ਕਰਨ, ਰਜਿਸਟਰ ’ਤੇ ਪੱਕੀ ਹਾਜ਼ਰੀ ਯਕੀਨੀ ਬਣਾਉਣ, ਸੇਵਾ ਮੁਕਤੀ ਸਮੇਂ ਪੰਜ ਲੱਖ ਰੁਪਏ ਦੇਣ ਅਤੇ ਇਨਸੈਂਟਿਵ ਵਿੱਚ ਵਾਧਾ ਕਰਨ ਸਮੇਤ ਹੋਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਸਰਕਾਰੀ ਕੰਮਾਂ ਦਾ ਬਾਈਕਾਟ ਜਾਰੀ ਰਹੇਗਾ। ਇਸ ਮੌਕੇ ਕਿਰਨਪਾਲ ਕੌਰ ਖੇੜੀ ਕਲਾਂ, ਸਤਨਾਮ ਕੌਰ ਵਾਲੀਆਂ, ਰਣਜੀਤ ਕੌਰ ਖੇੜੀ ਕਲਾਂ, ਨਜਮਾ ਕਾਤਰੋਂ, ਹਰਪ੍ਰੀਤ ਕੌਰ ਈਨਾ ਬਾਜਵਾ, ਰਣਜੀਤ ਕੁਮਾਰੀ ਦੀਦਾਰਗੜ੍ਹਹਾਜ਼ਰ ਸਨ।