ਆਸ਼ਾ ਵਰਕਰਾਂ ਨੇ ਸ਼ੇਰਪੁਰ 'ਚ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਆਸ਼ਾ ਵਰਕਰਾਂ ਨੇ ਸ਼ੇਰਪੁਰ 'ਚ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
Publish Date: Tue, 15 Sep 2026 03:50 PM (IST)
Updated Date: Wed, 16 Sep 2026 04:02 AM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ/ ਸ਼ੇਰਪੁਰ : ਆਸ਼ਾ ਵਰਕਰਜ਼ ਅਤੇ ਫੈਸੀਲਿਟੇਟਰ ਯੂਨੀਅਨ ਪੰਜਾਬ ਦੇ ਸੱਦੇ ’ਤੇ ਬਲਾਕ ਸ਼ੇਰਪੁਰ ਦੀਆਂ ਸਮੂਹ ਆਸ਼ਾ ਵਰਕਰਾਂ ਅਤੇ ਫੈਸਲੀਟੇਟਰਾਂ ਵੱਲੋਂ ਹੱਕੀ ਮੰਗਾਂ ਨੂੰ ਲੈ ਕੇ 8ਵੇਂ ਦਿਨ ਵੀ ਕੰਮ ਕਾਜ ਠੱਪ ਕਰਕੇ ਸਥਾਨਕ ਕਮਿਊਨਿਟੀ ਹੈਲਥ ਸੈਂਟਰ ਅੱਗੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਦੱਸ ਦਈਏ ਕਿ ਜਥੇਬੰਦੀ ਵੱਲੋਂ ਇਹ ਕਲਮ ਛੋੜੋ ਹੜਤਾਲ 8 ਸਤੰਬਰ ਤੋਂ ਲੈ ਕੇ 18 ਸਤੰਬਰ ਤੱਕ ਜਾਰੀ ਰੱਖਣ ਦਾ ਐਲਾਨ ਹੈ। ਇਸ ਮੌਕੇ ਯੂਨੀਅਨ ਦੇ ਬਲਾਕ ਪ੍ਰਧਾਨ ਛਿੰਦਰਪਾਲ ਕੌਰ ਕਾਤਰੋਂ, ਜਸਵਿੰਦਰ ਕੌਰ ਕਿਲਾ ਹਕੀਮਾ, ਸਕੱਤਰ ਬਲਵਿੰਦਰ ਕੌਰ ਕਾਲਾਬੂਲਾ, ਕਿਰਨਪਾਲ ਕੌਰ ਖੇੜੀ ਕਲਾਂ ਨੇ ਕਿਹਾ ਕਿ ਸੂਬਾ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਆਸ਼ਾ ਵਰਕਰਾਂ ਦੇ ਹੱਕ ਦੇਣ ਦੀ ਬਜਾਏ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਕੋਝਾ ਮਜ਼ਾਕ ਕਰਨ ਵਿੱਚ ਲੱਗੀ ਹੋਈ ਹੈ। ਕਿਉਂਕਿ ਇੱਕ ਪਾਸੇ ਤਾਂ ਸਰਕਾਰ ਅਤੇ ਸਿਹਤ ਵਿਭਾਗ ਆਸ਼ਾ ਵਰਕਰਾਂ ਨੂੰ ਰੀੜ੍ਹ ਦੀ ਹੱਡੀ ਮੰਨ ਰਿਹਾ ਹੈ ਜਦਕਿ ਦੂਜੇ ਪਾਸੇ ਉਹੀ ਵਰਕਰਾਂ ਆਪਣੇ ਹੱਕਾਂ ਲਈ ਸੰਘਰਸ਼ ਕਰਨ ਸਮੇਂ ਪੁਲਿਸ ਤਸੱਦਦ ਦਾ ਸਾਕਾਰ ਹੋ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਵਰਕਰਾਂ ਨੂੰ ਘੱਟ-ਘੱਟ ਉਜ਼ਰਤ ਕਾਨੂੰਨ ਅਨੁਸਾਰ ਤਨਖਾਹਾਂ ਤੇ ਭੱਤੇ ਲਾਗੂ ਕਰਨ, ਕੱਟੇ ਇਨਸੈਂਟਿਵ ਬਹਾਲ ਕਰਨ, ਮੁਫ਼ਤ ਸਿਹਤ ਸਹੂਲਤਾਂ ਦੇਣ, ਸੇਵਾ ਮੁਕਤੀ ਮੌਕੇ ਪੰਜ ਲੱਖ ਰੁਪਏ ਦੇਣ ਅਤੇ ਪੰਜ ਹਜ਼ਾਰ ਪ੍ਰਤੀ ਮਹੀਨਾ ਪੈਨਸ਼ਨ ਦੇਣ ਆਦਿ ਜਾਇਜ਼ ਮੰਗਾਂ ਨੂੰ ਲੈ ਕੇ ਜਥੇਬੰਦੀ ਵੱਲੋਂ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਈ ਵਾਰ ਸਹਿਮਤੀ ਦੇਣ ਦੇ ਬਾਵਜੂਦ ਕੋਈ ਕਦਮ ਨਹੀਂ ਚੁੱਕਿਆ ਗਿਆ। ਸਰਕਾਰ ਦੀਆਂ ਟਾਲਮਟੋਲ ਨੀਤੀਆਂ ਖ਼ਿਲਾਫ਼ ਜਥੇਬੰਦੀ ਵੱਲੋਂ ਸਰਕਾਰੀ ਕੰਮ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਪ੍ਰਵਾਨ ਨਾ ਕੀਤਾ ਤਾਂ ਉਹ ਤਿੱਖੇ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੀਆਂ। ਇਸ ਮੌਕੇ ਰੁਪਿੰਦਰ ਕੌਰ ਹੇੜੀਕੇ, ਅਮਰਜੀਤ ਕੌਰ ਸ਼ੇਰਪੁਰ, ਕਮਲਜੀਤ ਕੌਰ ਖੇੜੀ, ਹਰਪ੍ਰੀਤ ਕੌਰ ਬਾਲੀਆਂ, ਹਰਜੀਤ ਕੌਰ, ਕਿਰਨਪਾਲ ਕੌਰ ਖੇੜੀ, ਮਨਜੀਤ ਕੌਰ, ਜਸਵੀਰ ਕੌਰ ਹਾਜ਼ਰ ਸਨ।