ਆਸ਼ਾ ਵਰਕਰਾਂ ਵੱਲੋਂ ਸਰਕਾਰੀ ਕੰਮਾਂ ਦਾ ਬਾਈਕਾਟ ਆਸ਼ਾ ਵਰਕਰਾਂ ਵੱਲੋਂ ਸਰਕਾਰੀ ਕੰਮਾਂ ਦਾ ਬਾਈਕਾਟ
Publish Date: Tue, 08 Sep 2026 03:31 PM (IST)
Updated Date: Wed, 09 Sep 2026 04:01 AM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਆਸ਼ਾ ਵਰਕਰ ਫੈਸਲਿਟੇਟਰ ਯੂਨੀਅਨ ਬਲਾਕ ਸ਼ੇਰਪੁਰ ਵੱਲੋਂ ਮੰਗਲਵਾਰ ਨੂੰ ਸਰਕਾਰੀ ਕੰਮਾਂ ਦਾ ਮੁਕੰਮਲ ਬਾਈਕਾਟ ਕਰਦਿਆਂ ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਅੱਗੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਵਰਕਰਾਂ ਨੇ ਐਲਾਨ ਕੀਤਾ ਕਿ ਮੰਗਾਂ ਦੀ ਪੂਰਤੀ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਬਲਾਕ ਪ੍ਰਧਾਨ ਛਿੰਦਰ ਪਾਲ ਕੌਰ ਕਾਤਰੋਂ ਨੇ ਕਿਹਾ ਕਿ ਸਰਕਾਰ ਲੰਮੇ ਸਮੇਂ ਤੋਂ ਆਸ਼ਾ ਵਰਕਰਾਂ ਅਤੇ ਫੈਸਲਿਟੇਟਰਾਂ ਦੇ ਹੱਕਾਂ ਨੂੰ ਅਣਦੇਖਿਆ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨਾਲ ਹੋਈਆਂ ਕਈ ਮੀਟਿੰਗਾਂ ਦੌਰਾਨ ਇਨਸੈਂਟਿਵ ਵਿੱਚ ਵਾਧੇ ਅਤੇ 2500 ਰੁਪਏ ਦੇ ਮਾਣ-ਭੱਤੇ ਵਿੱਚ ਵਾਧੇ ਸਮੇਤ ਕਈ ਮੰਗਾਂ ਮੰਨਣ ਦੇ ਭਰੋਸੇ ਦਿੱਤੇ ਗਏ, ਪਰ ਅਮਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਮੌਜੂਦਾ ਦੌਰ ਵਿੱਚ ਨਿਗੂਣੇ ਮਾਣ-ਭੱਤੇ ਅਤੇ ਇਨਸੈਂਟਿਵ ਨਾਲ ਘਰ ਚਲਾਉਣਾ ਮੁਸ਼ਕਲ ਹੋ ਗਿਆ ਹੈ। ਸਰਕਾਰ ਵੱਲੋਂ ਆਸ਼ਾ ਵਰਕਰਾਂ ’ਤੇ ਲਗਾਤਾਰ ਨਵੇਂ ਕੰਮਾਂ ਦਾ ਬੋਝ ਪਾਇਆ ਜਾ ਰਿਹਾ ਹੈ, ਪਰ ਕੰਮ ਦੇ ਮੁਕਾਬਲੇ ਉਨ੍ਹਾਂ ਨੂੰ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ। ਯੂਨੀਅਨ ਨੇ ਮੰਗ ਕੀਤੀ ਕਿ ਆਸ਼ਾ ਵਰਕਰਾਂ ਅਤੇ ਫੈਸਿਲਿਟੇਟਰਾਂ ਦਾ 2500 ਰੁਪਏ ਮਾਣ-ਭੱਤਾ ਵਧਾ ਕੇ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ, ਇਨਸੈਂਟਿਵਾਂ ਵਿੱਚ ਕੀਤੀ ਕਟੌਤੀ ਬਹਾਲ ਕੀਤੀ ਜਾਵੇ, ਆਸ਼ਾ ਵਰਕਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਬੀਮਾ ਕੀਤਾ ਜਾਵੇ ਅਤੇ ਸੇਵਾ-ਮੁਕਤੀ ਸਮੇਂ ਘੱਟੋ-ਘੱਟ 5 ਲੱਖ ਰੁਪਏ ਦੀ ਰਕਮ ਦਿੱਤੀ ਜਾਵੇ। ਇਸ ਤੋਂ ਇਲਾਵਾ ਰਜਿਸਟਰ ਵਿੱਚ ਹਾਜ਼ਰੀ ਨੂੰ ਯਕੀਨੀ ਬਣਾਉਣ ਦੀ ਮੰਗ ਵੀ ਕੀਤੀ ਗਈ। ਵਰਕਰਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸਰਕਾਰੀ ਕੰਮਾਂ ਦੇ ਬਾਈਕਾਟ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਬਲਾਕ ਦੀਆਂ ਆਸ਼ਾ ਵਰਕਰਾਂ ਅਤੇ ਫੈਸਲਿਟੇਟਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।