ਡੇਰੇ ਨੂੰ ਲੁਟੇਰਿਆਂ ਨੇ ਲੁੱਟਿਆ, ਪਿੰਡ ਵਾਸੀਆਂ ਤੇ ਸੇਵਾਦਾਰਾਂ ’ਚ ਸਹਿਮ
ਡੇਰੇ ਨੂੰ ਹਥਿਆਰਬੰਦ ਲੁਟੇਰਿਆਂ ਨੇ ਲੁੱਟਿਆ, ਪਿੰਡ ਵਾਸੀਆਂ ਤੇ ਸੇਵਾਦਾਰਾਂ ’ਚ ਡਰ ਦਾ ਮਾਹੌਲ
Publish Date: Sat, 28 Mar 2026 05:49 PM (IST)
Updated Date: Sun, 29 Mar 2026 04:09 AM (IST)

ਬੈੱਡ ’ਤੇ ਪਏ ਸੰਤਾਂ ਨੂੰ ਵੀ ਨਹੀਂ ਬਖਸ਼ਿਆ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ ਇਥੋਂ ਕੁਝ ਦੂਰ ਪਿੰਡ ਧਿੰਗੜ ਸਥਿਤ ਡੇਰਾ ਬਾਬਾ ਪੰਜਾਬ ਦਾਸ ਤੇ ਤਪੱਸਵੀ ਪੂਰਨ ਦਾਸ ਵਿਖੇ ਅੱਧੀ ਰਾਤ ਸਮੇਂ ਹਥਿਆਰਬੰਦ ਲੁਟੇਰਿਆਂ ਵੱਲੋਂ ਹਮਲਾ ਕਰ ਕੇ ਲੁੱਟਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਨਾਲ ਇਲਾਕੇ ਦੇ ਸੇਵਾਦਾਰਾਂ ਤੇ ਰਹਿਣ ਵਾਲਿਆਂ ’ਚ ਡਰ ਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਸ ਸਬੰਧੀ ਡੇਰੇ ਮੁਖੀ ਬਾਬਾ ਈਸਰ ਦਾਸ ਜੀ ਪਿੰਡ ਵਾਸੀਆਂ ਤੇ ਸੇਵਾਦਾਰਾਂ ਨੇ ਦੱਸਿਆ ਕਿ 3 ਨਕਾਬਪੋਸ਼ ਲੁਟੇਰੇ, ਜਿਨ੍ਹਾਂ ਕੋਲ ਨੰਗੀਆਂ ਤਲਵਾਰਾਂ ਸਨ, ਡੇਰੇ ਦੀਆਂ ਕੰਧਾਂ ਟੱਪ ਕੇ ਅੰਦਰ ਦਾਖਲ ਹੋਏ। ਲੁਟੇਰਿਆਂ ਨੇ ਪਹਿਲਾਂ ਡੇਰੇ ’ਚ ਸੁੱਤੇ ਪਏ ਸੇਵਾਦਾਰਾਂ ਦੇ ਕਮਰਿਆਂ ਨੂੰ ਬਾਹਰੋਂ ਬੰਦ ਕਰ ਦਿੱਤਾ। ਉਨ੍ਹਾਂ ਨੇ ਆਸ਼ਰਮ ਦੇ ਕਮਰੇ ਨੂੰ ਬਾਹਰੋਂ ਲੱਗੇ ਜਿੰਦਰੇ ਦੀ ਭੰਨਤੋੜ ਕਰ ਕੇ ਅੰਦਰ ਸੁੱਤੇ ਬਾਬਾ ਜੀ ਨੂੰ ਡਰਾ-ਧਮਕਾ ਕੇ ਨਕਦੀ, 3 ਚਾਂਦੀ ਦੀਆਂ ਮੂਰਤੀਆਂ, 2 ਗੋਲਕਾਂ ਤੇ ਮੋਬਾਈਲ ਫੋਨ ਤੇ ਆਸ਼ਰਮ ‘ਚ ਪਏ ਸਾਮਾਨ ਦੀ ਫਰੋਲਾ ਫਰਾਲੀ ਕਰ ਕੇ ਅੰਦਰ ਪਿਆ ਸਾਮਾਨ ਲੈ ਕੇ ਫੁਰਰ ਹੋ ਗਏ। ਬਿਮਾਰ ਚੱਲ ਰਹੇ ਬਾਬਾ ਜੀ ਨੇ ਆਪਣੀ ਜਾਨ ਬਚਾਉਣ ਲਈ ਲੁਟੇਰਿਆਂ ਨੂੰ ਕਿਹਾ ਕਿ ਜੋ ਕੁਝ ਵੀ ਹੈ, ਉਹ ਲੈ ਜਾਣ। ਸਵੇਰੇ ਸਮੇਂ ਇੱਕ ਸੇਵਾਦਾਰ ਨੇ ਦਰਵਾਜ਼ਾ ਭੰਨ੍ਹ ਕੇ ਜਦ ਦਰਵਾਜ਼ਾ ਖੋਲ੍ਹਿਆ ਤਾਂ ਖੋਲ੍ਹ ਕੇ ਆਸ਼ਰਮ ’ਚ ਜਾ ਕੇ ਵੇਖਿਆ ਤਾਂ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ। ਇਸ ਤੋਂ ਬਾਅਦ ਪਿੰਡ ਵਾਸੀਆਂ ਅਤੇ ਹੋਰ ਸੇਵਾਦਾਰਾਂ ਨੂੰ ਸੂਚਿਤ ਕੀਤਾ ਗਿਆ, ਜੋ ਵੱਡੀ ਗਿਣਤੀ ’ਚ ਡੇਰੇ ਵਿੱਚ ਪਹੁੰਚੇ। ਘਟਨਾ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਤੇ ਜਾਂਚ ਸ਼ੁਰੂ ਕਰ ਦਿੱਤੀ। ਫੋਰੈਂਸਿਕ ਟੀਮਾਂ ਨੂੰ ਵੀ ਬੁਲਾਇਆ ਗਿਆ ਹੈ ਤੇ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਲੁਟੇਰੇ ਇੱਕ ਕਾਰ ਤੇ ਇੱਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਸਨ। ਲੁੱਟੀਆਂ ਗਈਆਂ ਗੋਲਕਾਂ ਕੁਝ ਦੂਰੀ ’ਤੇ ਟਪਾਲੀ ਨਹਿਰ ਨਜ਼ਦੀਕ ਖਾਲੀ ਹਾਲਤ ’ਚ ਮਿਲੀਆਂ ਹਨ। ਪੁਲਿਸ ਵੱਲੋਂ ਦੋਸ਼ੀਆਂ ਦੀ ਪਛਾਣ ਤੇ ਗ੍ਰਿਫ਼ਤਾਰੀ ਲਈ ਕਾਰਵਾਈ ਜਾਰੀ ਹੈ। ਇਸ ਘਟਨਾ ਤੋਂ ਬਾਅਦ ਸੇਵਾਦਾਰਾਂ ਨੇ ਧਾਰਮਿਕ ਅਸਥਾਨ ਦੀ ਸੁਰੱਖਿਆ ’ਤੇ ਚਿੰਤਾ ਜਤਾਈ ਹੈ ਤੇ ਪ੍ਰਸ਼ਾਸਨ ਤੋਂ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਇਲਾਕੇ ’ਚ ਅਜੇ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।