
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐਸਸੀ ਤੇ ਬੀਸੀ ਪਰਿਵਾਰਾਂ ਲਈ ਪਲਾਟਾਂ ਵਾਸਤੇ ਪੰਚਾਇਤ ਨੂੰ ਦਿੱਤੀ ਅਰਜੀ

ਰਣਵੀਰ ਸਿੰਘ ਰਾਣਾ, ਪੰਜਾਬੀ ਜਾਗਰਣ,
ਅਮਰਗੜ੍ਹ : ਨੇੜਲੇ ਪਿੰਡ ਬਾਠਾਂ ਦੇ ਐੱਸਸੀ ਅਤੇ ਬੀਸੀ ਪਰਿਵਾਰਾਂ ਨੂੰ ਪੰਜ-ਪੰਜ ਮਰਲਿਆਂ ਦੇ ਪਲਾਟ ਅਲਾਟ ਕਰਨ ਲਈ ਗਿਆਰਾਂ ਮੈਂਬਰੀ ਕਮੇਟੀ ਵੱਲੋਂ ਪੰਚਾਇਤ ਨੂੰ ਬਿਨੈ ਪੱਤਰ ਤੇ ਸਵਾ ਸੌ ਲੋੜਵੰਦ ਪਰਿਵਾਰਾਂ ਦੀ ਲਿਸਟ ਸੌਂਪੀ ਗਈ। ਜਾਣਕਾਰੀ ਦਿੰਦਿਆਂ ਕਮੇਟੀ ਚੇਅਰਮੈਨ ਸੁਖਵਿੰਦਰ ਸਿੰਘ ਅਟਵਾਲ ਤੇ ਪੰਚ ਮਨਜੀਤ ਸਿੰਘ ਸੋਨੀ, ਹਰਦੀਪ ਸਿੰਘ, ਗਗਨਦੀਪ ਸਿੰਘ, ਬਿੱਕਰ ਸਿੰਘ ਆਦਿ ਮੈਂਬਰਾਂ ਨੇ ਦੱਸਿਆ ਕਿ ਇਨ੍ਹਾਂ ਪਰਿਵਾਰਾਂ ਵੱਲੋਂ ਪਿਛਲੇ 50 ਸਾਲਾਂ ਤੋਂ ਪਲਾਟਾਂ ਦੀ ਮੰਗ ਕੀਤੀ ਜਾ ਰਹੀ ਹੈ,ਜੋ ਹੁਣ ਤੱਕ ਕਿਸੇ ਵੀ ਪੰਚਾਇਤ ਵੱਲੋਂ ਪੂਰੀ ਨਹੀਂ ਕੀਤੀ ਗਈ, ਜਦਕਿ ਪੰਚਾਇਤ ਕੋਲ ਜ਼ਮੀਨ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਨਾਲ ਹੀ ਪੰਚਾਇਤ ਦੀ ਕਈ ਏਕੜ ਜ਼ਮੀਨ ਬੇਅਬਾਦ ਪਈ ਹੈ,ਜਿੱਥੇ ਆਪ-ਮੁਹਾਰੇ ਉੱਗੀਆਂ ਪਹਾੜੀ ਕਿੱਕਰਾਂ ਤੇ ਝਾੜੀਆਂ ਕਾਰਨ ਉਹ ਜੰਗਲ ਬਣਕੇ ਜੰਗਲੀ ਸੂਰਾਂ ਤੇ ਚੋਰ ਉਚੱਕਿਆਂ ਦੀ ਛੁਪਣਗਾਹ ਬਣ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ 'ਲੋਕ ਮਿਲਣੀ' ਕਰਨ ਪਿੰਡ ਆਏ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣ ਮਾਜਰਾ ਕੋਲ ਵੀ ਇਹ ਮੰਗ ਉਠਾਈ ਗਈ ਸੀ, ਜਿਨ੍ਹਾਂ ਪੰਚਾਇਤ ਨੂੰ ਮਤਾ ਪਾ ਕੇ ਜਲਦ ਕਾਰਵਾਈ ਅਮਲ 'ਚ ਲਿਆਉਣ ਦੀ ਤਾਕੀਦ ਕੀਤੀ ਸੀ। ਕਮੇਟੀ ਮੈਂਬਰਾਂ ਨੇ ਕਿਹਾ ਕਿ ਅੱਧੀ ਸਦੀ ਤੋਂ ਥੋੜ੍ਹੀ-ਥੋੜ੍ਹੀ ਥਾਂ 'ਚ ਗੁਜ਼ਾਰਾ ਕਰਨ ਲਈ ਮਜਬੂਰ ਇਨ੍ਹਾਂ ਗਰੀਬ ਤੇ ਲੋੜਵੰਦ ਲੋਕਾਂ ਨੂੰ ਵੋਟਾਂ ਲੈਣ ਲਈ ਹੁਣ ਤੱਕ ਪਲਾਟਾਂ ਦੇ ਨਾਮ 'ਤੇ ਸਿਰਫ ਲਾਰੇ ਹੀ ਮਿਲੇ ਹਨ।
ਦੂਜੇ ਪਾਸੇ ਸਰਪੰਚ ਬਲਵੀਰ ਸਿੰਘ ਤੇ ਸਮੁੱਚੀ ਪੰਚਾਇਤ ਨੇ ਭਰੋਸਾ ਦਿੰਦੇ ਹੋਏ ਕਿਹਾ ਹੈ ਕਿ ਜਲਦ ਹੀ ਮਤਾ ਪਾ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਜਾਵੇਗੀ,ਤਾਂ ਜੋ ਬੇਆਬਾਦ ਪਈ ਪੰਚਾਇਤੀ ਜਮੀਨ 'ਤੇ ਇਨ੍ਹਾਂ ਪਰਿਵਾਰਾਂ ਨੂੰ ਛੇਤੀ ਪਲਾਟ ਅਲਾਟ ਕੀਤੇ ਜਾਣ। ਇਸ ਮੌਕੇ ਕੁਲਵੰਤ ਸਿੰਘ, ਬਾਬਾ ਸ਼ੇਰ ਸਿੰਘ ਬਧਰਾ, ਪੰਚ ਪਰਮ ਸਿੰਘ, ਜਸਨ ਸਿੰਘ,ਜੱਗਾ ਸਿੰਘ, ਕੇਸਰ ਸਿੰਘ, ਗੁਰਵੀਰ ਸਿੰਘ,ਨਿੱਕਾ ਸਿੰਘ ਆਦਿ ਹਾਜ਼ਰ ਸਨ