- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੇਂਟ ਥਾਮਸ ਸਕੂਲ ’ਚ ਸਾਲਾਨਾ ਸਮਾਗਮ ਧੂਮਧਾਮ ਨਾਲ ਕਰਵਾਇਆ

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ ਭਵਾਨੀਗੜ੍ਹ
ਸੇਂਟ ਥਾਮਸ ਸਕੂਲ, ਭਵਾਨੀਗੜ੍ਹ ਵਿਖੇ ਸਾਲਾਨਾ ਸਮਾਗਮ ‘ਫਿਊਜਨ 2026’ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੀ ਸੰਜੀਵ ਗੋਇਲ (ਐਸਪੀ) ਮੁੱਖ ਮਹਿਮਾਨ ਅਤੇ ਆਈਪੀਐਸ ਮਨਪ੍ਰੀਤ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਸਕੂਲ ਦੇ ਪ੍ਰਬੰਧਕ ਮੈਂਬਰਾਂ ਵਿਜੇ ਸਿੰਗਲਾ, ਅੰਮ੍ਰਿਤ ਗੋਇਲ, ਸਾਹਿਲ ਸਿੰਗਲਾ ਅਤੇ ਜਗਵਿੰਦਰ ਸਿੰਘ ਸਮੇਤ ਹੋਰ ਪਤਵੰਤੇ ਸੱਜਣਾਂ ਅਤੇ ਮਾਪਿਆਂ ਨੇ ਵੀ ਹਾਜ਼ਰੀ ਭਰੀ।
ਸਮਾਗਮ ਦੀ ਸ਼ੁਰੂਆਤ ਜੋਤੀ ਪ੍ਰਚੰਡ ਦੀ ਰਸਮ ਨਾਲ ਹੋਈ। ਸਕੂਲ ਦੇ ਪ੍ਰਿੰਸੀਪਲ ਵਿਜੇ ਸਰੋਚ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਆਪਣੀ ਪ੍ਰਤਿਭਾ ਅਤੇ ਆਤਮ-ਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ। ਦਰਸ਼ਕਾਂ ਨੇ ਪੰਜਾਬੀ ਲੋਕ ਨਾਚਾਂ ਭੰਗੜਾ, ਗਿੱਧਾ ਅਤੇ ਲੁੱਡੀ ਦੇ ਨਾਲ-ਨਾਲ ਰਾਜਸਥਾਨੀ ਤੇ ਗੁਜਰਾਤੀ ਲੋਕ ਨਾਚਾਂ ਦਾ ਆਨੰਦ ਮਾਣਿਆ। ਵੱਖ-ਵੱਖ ਸੱਭਿਆਚਾਰਾਂ ਨੂੰ ਦਰਸਾਉਂਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਖ਼ਾਸ ਬਣਾਇਆ।
ਵਿਦਿਆਰਥੀਆਂ ਵੱਲੋਂ ਸਮਾਜਿਕ ਜਾਗਰੂਕਤਾ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਨਾਲ ਸਬੰਧਤ ਨਾਟਕ ਵੀ ਪੇਸ਼ ਕੀਤੇ ਗਏ। ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੇਸ਼ ਕੀਤੇ ਨਾਟਕ ਰਾਹੀਂ ਸਮਾਜ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਜੀਵਨ ਜਿਊਣ ਦਾ ਸੰਦੇਸ਼ ਦਿੱਤਾ ਗਿਆ।
ਆਪਣੇ ਸੰਬੋਧਨ ਦੌਰਾਨ ਮੁੱਖ ਮਹਿਮਾਨ ਸੰਜੀਵ ਗੋਇਲ (ਐੱਸਪੀ) ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਅਤੇ ਕਰੀਅਰ ਪ੍ਰਤੀ ਸੁਚੇਤ ਰਹਿਣ, ਜੀਵਨ ਵਿੱਚ ਸਪੱਸ਼ਟ ਟੀਚੇ ਨਿਰਧਾਰਤ ਕਰਨ ਅਤੇ ਸਖ਼ਤ ਮਿਹਨਤ ਨਾਲ ਸਫਲਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਹੀ ਫ਼ੈਸਲੇ ਲੈਣ, ਆਪਣੀ ਪ੍ਰਤਿਭਾ ਨੂੰ ਪਛਾਣਨ ਅਤੇ ਨਕਾਰਾਤਮਕ ਪ੍ਰਭਾਵਾਂ ਤੋਂ ਦੂਰ ਰਹਿਣ ਦੀ ਮਹੱਤਤਾ ਬਾਰੇ ਵੀ ਸਮਝਾਇਆ।
ਸਮਾਗਮ ਦੌਰਾਨ ਇਨਾਮ ਵੰਡ ਸਮਾਰੋਹ ਵੀ ਕਰਵਾਇਆ ਗਿਆ, ਜਿਸ ਵਿੱਚ ਪੜ੍ਹਾਈ ਅਤੇ ਹੋਰ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਮਹਿਮਾਨਾਂ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਸਮਾਗਮ ਦੀ ਸਫਲਤਾ ਲਈ ਅਧਿਆਪਕਾਂ ਵੱਲੋਂ ਕੀਤੇ ਯਤਨਾਂ ਦੀ ਵੀ ਸਰਾਹਨਾ ਕੀਤੀ।
ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਵਿਜੇ ਸਰੋਚ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਤਰ੍ਹਾਂ ‘ਫਿਊਜਨ 2026’ ਸਾਲਾਨਾ ਸਮਾਗਮ ਵਿਦਿਆਰਥੀਆਂ ਦੀ ਪ੍ਰਤਿਭਾ, ਸੱਭਿਆਚਾਰਕ ਵਿਰਸੇ ਅਤੇ ਸਿਰਜਣਾਤਮਕਤਾ ਦਾ ਯਾਦਗਾਰੀ ਜਸ਼ਨ ਹੋ ਨਿਬੜਿਆ।