- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਬੱਤ ਦੇ ਭਲੇ ਵੱਲੋਂ ਸੰਦੌੜ ’ਚ ਲੈਬ ਖੋਲ੍ਹਣ ਦਾ ਐਲਾਨ

ਇਸੇ ਮਹੀਨੇ ਸੰਦੌੜ ’ਚ ਚਾਲੂ ਹੋਵੇਗੀ ਜ਼ਿਲ੍ਹਾ ਮਾਲੇਰਕੋਟਲਾ ਦੀ ਤੀਜੀ ਲੈਬ: ਪ੍ਰਧਾਨ ਘੁੰਮਣ
-ਲੋੜਵੰਦ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇ ਚੈੱਕ ਕੀਤੀ ਤਕਸੀਮ
ਸੱਤਪਾਲ ਸਿੰਘ ਕਾਲਾਬੂਲਾ/ਰਹਿਮਾਨ, ਪੰਜਾਬੀ ਜਾਗਰਣ,
ਮਾਲੇਰਕੋਟਲਾ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸਪੀ ਸਿੰਘ ਉਬਰਾਏ ਦੇ ਦਿਸ਼ਾ ਨਿਰਦੇਸ਼ਾਂ ਅਤੇ ਭਾਰਤ ਪ੍ਰਧਾਨ ਜੱਸਾ ਸਿੰਘ ਸੰਧੂ ਦੀ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਮਾਲੇਰਕੋਟਲਾ ਦੇ ਕਸਬਾ ਸੰਦੌੜ ’ਚ ਇਸੇ ਮਹੀਨੇ ਸਨੀ ਉਬਰਾਏ ਚੈਰੀਟੇਬਲ ਲੈਬਾਰਟਰੀ ਸ਼ੁਰੂ ਕਰ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਨੇ ਦੱਸਿਆ ਕਿ ਸੰਦੌੜ ਦੇ ਵੱਡਾ ਗੁਰਦੁਆਰਾ ਸਾਹਿਬ ’ਚ ਖੁੱਲ੍ਹਣ ਵਾਲੀ ਇਹ ਲੈਬਾਰਟਰੀ ਜ਼ਿਲ੍ਹਾ ਮਾਲੇਰਕੋਟਲਾ ਅੰਦਰ ਟਰੱਸਟ ਵੱਲੋਂ ਤੀਜੀ ਲੈਬਾਰਟਰੀ ਹੋਵੇਗੀ। ਇਸ ਤੋਂ ਪਹਿਲਾਂ ਗੁਰਦੁਆਰਾ ਸਿੰਘ ਸਭਾ ਮਾਲੇਰਕੋਟਲਾ ਅਤੇ ਗੁਰਦੁਆਰਾ ਸਿੰਘ ਸਭਾ ਅਮਰਗੜ੍ਹ ’ਚ ਆਮ ਲੋਕਾਂ ਦੀ ਸੇਵਾ ਲਈ ਦੋ ਲੈਬਾਂ ਪੂਰੀ ਸਫਲਤਾ ਨਾਲ ਚੱਲ ਰਹੀਆਂ ਹਨ। ਪ੍ਰਧਾਨ ਭਾਈ ਘੁੰਮਣ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਸੰਦੌੜ ’ਚ ਪ੍ਰਬੰਧਕ ਕਮੇਟੀ ਦੇ ਭਰਵੇਂ ਸਹਿਯੋਗ ਨਾਲ ਇਸ ਲੈਬਾਰਟਰੀ ਲਈ ਸਾਰੇ ਪ੍ਰਬੰਧ ਲੱਗਭਗ ਮੁਕੰਮਲ ਹੋ ਗਏ ਹਨ ਅਤੇ ਡਾ. ਐਸਪੀ ਸਿੰਘ ਉਬਰਾਏ ਦੇ ਵਿਦੇਸ਼ ਤੋਂ ਪਰਤਣ ’ਤੇ ਇਹ ਲੈਬ ਸੰਗਤਾਂ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ। ਇਨ੍ਹਾਂ ਲੈਬਾਰਟਰੀਆਂ ਵਿਚ ਮਨੁੱਖੀ ਸਰੀਰ ਦੇ ਸਾਰੇ ਮੈਡੀਕਲ ਕਲੀਨੀਕਲ ਟੈਸਟ ਬਿਲਕੁਲ ਨਾ ਮਾਤਰ ਰੇਟਾਂ ’ਤੇ ਕੀਤੇ ਜਾ ਰਹੇ ਹਨ। ਇਸ ਮੌਕੇ ਟਰੱਸਟ ਵੱਲੋਂ ਜ਼ਿਲ੍ਹਾ ਮਾਲੇਰਕੋਟਲਾ ਦੇ ਲੋੜਵੰਦ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇ ਚੈੱਕ ਵੀ ਤਕਸੀਮ ਕੀਤੇ ਗਏ।
ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਖਜ਼ਾਨਚੀ ਸਰਪੰਚ ਨਰੇਸ਼ ਕੁਮਾਰ ਨਾਰੀਕੇ ਪ੍ਰਧਾਨ ਸਰਪੰਚ ਐਸੋਸੀਏਸ਼ਨ,ਸੀਨੀਅਰ ਮੀਤ ਪ੍ਰਧਾਨ ਮਨਦੀਪ ਸਿੰਘ ਖੁਰਦ,ਮਨਧੀਰ ਸਿੰਘ ਝੱਲ, ਪ੍ਰਿੰਸੀਪਲ ਬਲਜੀਤ ਸਿੰਘ ਟਿਵਾਣਾ, ਪ੍ਰਿੰਸੀਪਲ ਗੁਰਪ੍ਰੀਤ ਸਿੰਘ ਜਵੰਦਾ, ਬਹਾਦਰ ਸਿੰਘ ਭੂਦਨ, ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਬਦੇਸ਼ਾ, ਸਾਹਿਬ ਸਿੰਘ ਬੂੰਗਾ, ਸਾਬਕਾ ਚੇਅਰਮੈਨ ਕਰਨੈਲ ਸਿੰਘ ਠੁੱਲੀਵਾਲ, ਅਮਰਜੀਤ ਸਿੰਘ ਭੈਣੀ ਅਤੇ ਲਖਵੀਰ ਸਿੰਘ ਸਰਵਰਪੁਰ ਆਦਿ ਹਾਜ਼ਰ ਸਨ।